ਜਨਮ ਦਿਨ ਕੇਕ ਨਾਲ ''ਸੂਰਤ'' ਨੂੰ ਵਿਗਾੜਿਆ ਤਾਂ ਪਵੇਗਾ ਮਹਿੰਗਾ

Tuesday, May 14, 2019 - 03:27 PM (IST)

ਜਨਮ ਦਿਨ ਕੇਕ ਨਾਲ ''ਸੂਰਤ'' ਨੂੰ ਵਿਗਾੜਿਆ ਤਾਂ ਪਵੇਗਾ ਮਹਿੰਗਾ

ਸੂਰਤ— ਅਕਸਰ ਜਨਤਕ ਥਾਵਾਂ 'ਤੇ ਜਨਮ ਦਿਨ ਮਨਾਉਣ ਦੌਰਾਨ ਇਕ-ਦੂਜੇ 'ਤੇ ਕੇਕ ਲਾਇਆ ਜਾਂਦਾ ਹੈ, ਜਿਸ ਕਾਰਨ ਗੰਦਗੀ ਫੈਲਦੀ ਹੈ। ਪਰ ਹੁਣ ਗੁਜਰਾਤ ਦੇ ਸੂਰਤ ਵਿਚ ਜਨਮ ਦਿਨ ਮਨਾਉਣ ਵਾਲੇ ਅਜਿਹਾ ਨਹੀਂ ਕਰ ਸਕਣਗੇ। ਸੂਰਤ ਪੁਲਸ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਪੁਲਸ ਮੁਤਾਬਕ ਜਨਤਕ ਥਾਂ 'ਤੇ ਜਨਮ ਦਿਨ ਮਨਾਉਣ ਦੌਰਾਨ ਜੇਕਰ ਕੋਈ ਵਿਅਕਤੀ ਦੂਜਿਆਂ ਨੂੰ ਕੇਕ, ਟੇਪ, ਫੋਮ ਜਾਂ ਕੈਮੀਕਲ ਲਗਾਉਂਦਾ ਹੈ ਤਾਂ ਉਸ ਨੂੰ ਜੇਲ ਤਕ ਹੋ ਸਕਦੀ ਹੈ। ਦਰਅਸਲ ਸ਼ਹਿਰ ਵਿਚ ਜਨਤਕ ਥਾਵਾਂ 'ਤੇ ਜਨਮ ਦਿਨ ਦੀ ਪਾਰਟੀ ਦੌਰਾਨ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਸਨ। 

ਹਾਲ ਹੀ ਵਿਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਪੁਲਸ ਕਮਿਸ਼ਨਰ ਸਤੀਸ਼ ਸ਼ਰਮਾ ਨੇ ਇਹ ਹੁਕਮ ਜਾਰੀ ਕੀਤਾ ਹੈ। ਆਈ. ਪੀ. ਸੀ. ਦੀ ਧਾਰਾ-188 ਤਹਿਤ ਹੁਕਮ ਦਾ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸ਼ਰਮਾ ਨੇ ਦੱਸਿਆ ਕਿ ਸਾਨੂੰ ਅਜਿਹੀ ਜਾਣਕਾਰੀ ਮਿਲੀ ਸੀ, ਜਿਸ ਵਿਚ ਜਨਮ ਦਿਨ ਦੇ ਜਸ਼ਨ ਮਨਾਉਣ ਦੌਰਾਨ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਇਸ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤਾ ਗਿਆ ਹੈ। ਕੁਝ ਸਮੇਂ ਪਹਿਲਾਂ ਪੁਲਸ ਦੀ ਜਾਣਕਾਰੀ ਵਿਚ ਅਜਿਹੀਆਂ ਘਟਨਾਵਾਂ ਆਈਆਂ ਸਨ, ਖਾਸ ਕਰ ਕੇ ਸੜਕਾਂ 'ਤੇ। 

ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਡਾ ਮਕਸਦ ਸੰਦੇਸ਼ ਦੇਣਾ ਹੈ ਲੋਕਾਂ 'ਚ ਜਾਗਰੂਕਤਾ ਫੈਲਾਉਣਾ ਕਿ ਇਸ ਕਿਸਮ ਦੇ ਜਸ਼ਨ ਤੋਂ ਜੀਵਨ ਨੂੰ ਖਤਰਾ ਹੋ ਸਕਦਾ ਹੈ, ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਪੁਲਸ ਨਾ ਸਿਰਫ ਅਜਿਹੇ ਲੋਕਾਂ ਵਿਰੁੱਧ ਨੋਟੀਫਿਕੇਸ਼ਨ ਦਾ ਉਲੰਘਣ ਕਰਨ ਦਾ ਮਾਮਲਾ ਦਰਜ ਕਰੇਗੀ ਸਗੋਂ ਕਿ ਉਨ੍ਹਾਂ 'ਤੇ ਕੁੱਟਮਾਰ ਅਤੇ ਦੂਜੇ ਅਪਰਾਧਾਂ ਤਹਿਤ ਵੀ ਕੇਸ ਦਰਜ ਕੀਤਾ ਜਾਵੇਗਾ।


author

Tanu

Content Editor

Related News