PUBG ਗੇਮ ਨੂੰ ਲੈ ਕੇ ਹੋਏ ਝਗੜੇ ''ਚ 12 ਸਾਲਾ ਮੁੰਡੇ ਦਾ ਕਤਲ, ਨਾਬਾਲਗ ਦੋਸ਼ੀ ਗ੍ਰਿਫ਼ਤਾਰ
Monday, Apr 05, 2021 - 02:01 PM (IST)
ਮੰਗਲੁਰੂ- ਕਰਨਾਟਕ ਦੇ ਮੰਗਲੁਰੂ 'ਚ ਪੁਲਸ ਨੇ ਘਰੋਂ ਲਾਪਤਾ ਹੋਏ 12 ਸਾਲਾ ਇਕ ਮੁੰਡੇ ਦੀ ਲਾਸ਼ ਐਤਵਾਰ ਸਵੇਰੇ ਬਰਾਮਦ ਕੀਤੀ। ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਮੁੰਡੇ ਦਾ ਕਤਲ ਕੀਤਾ ਗਿਆ ਹੈ ਅਤੇ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦਾ ਨਾਮ ਅਕੀਫ਼ ਹੈ। ਸੂਤਰਾਂ ਅਨੁਸਾਰ, ਅਕੀਫ਼ ਦੋਸ਼ੀ ਨਾਲ ਪਬਜੀ ਗੇਮ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮਾਮਲਾ ਕਤਲ ਤੱਕ ਪਹੁੰਚ ਗਿਆ। ਸੂਤਰਾਂ ਨੇ ਦੱਸਿਆ ਕਿ ਅਕੀਫ਼ ਹਮੇਸ਼ਾ ਪਬਜੀ ਗੇਮ ਖੇਡਦਾ ਸੀ ਅਤੇ ਹਮੇਸ਼ਾ ਜਿੱਤਦਾ ਸੀ। ਇਕ ਮੋਬਾਇਲ ਸਟੋਰ 'ਚ ਉਸ ਦੀ ਦੋਸ਼ੀ, ਜੋ ਉਸ ਦਾ ਗੁਆਂਢੀ ਵੀ ਹੈ, ਉਸ ਨਾਲ ਮੁਲਾਕਾਤ ਹੋਈ ਸੀ। ਦੋਹਾਂ ਨੇ ਨਾਲ ਗੇਮ ਖੇਡਣਾ ਸ਼ੁਰੂ ਕੀਤਾ ਅਤੇ ਜਦੋਂ ਉਹ ਹਰ ਵਾਰ ਜਿੱਤਣ ਲੱਗਾ ਤਾਂ ਦੋਸ਼ੀ ਨੂੰ ਲੱਗਾ ਕਿ ਉਸ ਦੀ ਜਗ੍ਹਾ ਕੋਈ ਹੋਰ ਖੇਡ ਰਿਹਾ ਹੈ।
ਇਹ ਵੀ ਪੜ੍ਹੋ : ਘਰ ’ਚ ਪੈਟਰੋਲ ਛਿੜਕ ਲਗਾ ਦਿੱਤੀ ਅੱਗ, 4 ਬੱਚਿਆਂ ਸਣੇ 6 ਦੀ ਮੌਤ
ਇਸ ਤੋਂ ਬਾਅਦ ਦੋਸ਼ੀ ਨੇ ਨਾਲ ਬੈਠ ਕੇ ਖੇਡਣ ਦੀ ਚੁਣੌਤੀ ਦਿੱਤੀ। ਅਕੀਫ਼ ਨੇ ਚੁਣੌਤੀ ਮਨਜ਼ੂਰ ਕਰ ਲਈ ਅਤੇ ਸ਼ਨੀਵਾਰ ਰਾਤ ਦੋਵੇਂ ਗੇਮ ਖੇਡਣ ਨਾਲ ਬੈਠੇ ਪਰ ਇਸ ਵਾਰ ਅਕੀਫ਼ ਹਾਰ ਗਿਆ। ਇਸ ਤੋਂ ਬਾਅਦ ਦੋਹਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਅਕੀਫ਼ ਨੇ ਦੋਸ਼ੀ 'ਤੇ ਪੱਥਰ ਨਾਲ ਵਾਰ ਕਰ ਦਿੱਤਾ। ਇਸ ਤੋਂ ਗੁੱਸਾ ਹੋ ਕੇ ਦੋਸ਼ੀ ਨੇ ਉਸ 'ਤੇ ਭਾਰੀ ਪੱਥਰ ਨਾਲ ਵਾਰ ਕੀਤਾ। ਸੱਟ ਲੱਗਣ ਨਾਲ ਅਕੀਫ਼ ਦਾ ਜ਼ਿਆਦਾ ਖੂਨ ਵਗਣ ਲੱਗਾ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਇਸ ਤੋਂ ਦੋਸ਼ੀ ਘਬਰਾ ਗਿਆ ਅਤੇ ਅਕੀਫ਼ ਦੇ ਸਰੀਰ ਨੂੰ ਕੇਲੇ ਅਤੇ ਨਾਰੀਅਲ ਦੇ ਪੱਤਿਆਂ ਨਾਲ ਢੱਕ ਕੇ ਉੱਥੋਂ ਦੌੜ ਗਿਆ।
ਇਹ ਵੀ ਪੜ੍ਹੋ : ‘ਆਗਰਾ-ਲਖਨਊ ਐਕਸਪ੍ਰੈੱਸ-ਵੇਅ ’ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ਨੇ ਛਾਲਾਂ ਮਾਰ ਕੇ ਬਚਾਈ ਜਾਨ’
ਪੁਲਸ ਨਾਬਾਲਗ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਕੀ ਅਪਰਾਧ 'ਚ ਉਸ ਨਾਲ ਦੂਜੇ ਮੁੰਡੇ ਵੀ ਸ਼ਾਮਲ ਸਨ। ਸ਼ਹਿਰ ਦੇ ਪੁਲਸ ਕਮਿਸ਼ਨਰ ਐੱਨ. ਸ਼ਸ਼ੀ ਕੁਮਾਰ ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕਰਨ ਪਹੁੰਚੇ ਸਨ। ਉਨ੍ਹਾਂ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਦੇ ਹੋਏ ਮਾਤਾ-ਪਿਤਾ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਫੋਨ ਦੇ ਰਹੇ ਹਨ ਤਾਂ ਉਸ ਦੇ ਰਵੱਈਏ 'ਤੇ ਨਜ਼ਰ ਵੀ ਰੱਖਣ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ 'ਚ ਦਿਓ ਜਵਾਬ