ਪੁਲਵਾਮਾ ਹਮਲੇ ਦਾ ਵਿਰੋਧ ਕਰ ਰਹੇ ਪ੍ਰਦਸ਼ਨਕਾਰੀਆਂ 'ਤੇ ਪੁਲਿਸ ਨੇ ਵਰ੍ਹਾਈ ਡਾਂਗ

Saturday, Feb 16, 2019 - 02:41 PM (IST)

ਪੁਲਵਾਮਾ ਹਮਲੇ ਦਾ ਵਿਰੋਧ ਕਰ ਰਹੇ ਪ੍ਰਦਸ਼ਨਕਾਰੀਆਂ 'ਤੇ ਪੁਲਿਸ ਨੇ ਵਰ੍ਹਾਈ ਡਾਂਗ

ਮੁੰਬਈ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਦੇ ਲੋਕ ਗੁੱਸੇ 'ਚ ਆ ਗਏ ਹਨ ਅਤੇ ਕਈ ਥਾਵਾਂ 'ਤੇ ਪ੍ਰਦਰਸ਼ਨ ਵੀ ਕਰ ਰਹੇ ਹਨ। ਅੱਜ ਭਾਵ ਸ਼ਨੀਵਾਰ ਨੂੰ ਮੁੰਬਈ ਦੇ ਲੋਕ ਗੁੱਸੇ 'ਚ ਆਏ ਕੇ ਰੇਲ ਪਟੜੀਆਂ 'ਤੇ ਉੱਤਰ ਆਏ ਹਨ, ਜਿਸ ਕਾਰਨ ਨਾਲਾਸੋਪਾਰਾ 'ਚ ਰੇਲਵੇ ਟ੍ਰੈਕ ਠੱਪ ਕਰ ਦਿੱਤਾ ਅਤੇ ਅੱਤਵਾਦੀਆਂ ਦੇ ਖਿਲਾਫ ਨਾਅਰੇਬਾਜੀ ਕੀਤੀ। ਭਾਵੇਂ ਕੁਝ ਦੇਰ ਬਾਅਦ ਟ੍ਰੈਕ ਨੂੰ ਖਾਲੀ ਕਰਵਾ ਦਿੱਤਾ ਗਿਆ ਪਰ ਪੁਲਸ ਨੇ ਰੇਲਵੇ ਟ੍ਰੈਕ ਨੂੰ ਖਾਲੀ ਕਰਵਾਉਣ ਲਈ ਲੋਕਾਂ 'ਤੇ ਕਾਫੀ ਲਾਠੀਚਾਰਜ ਵੀ ਕੀਤਾ।

ਦੇਰ ਨਾਲ ਚੱਲੀਆਂ ਟ੍ਰੇਨਾਂ-
ਪ੍ਰਦਰਸ਼ਨਕਾਰੀਆਂ ਤੋਂ ਟ੍ਰੈਕ ਖਾਲੀ ਕਰਵਾਉਣ ਲਈ ਸਰਕਾਰੀ ਰੇਲਵੇ ਪੁਲਸ ਅਤੇ ਰੇਲਵੇ ਸੁਰੱਖਿਆ ਫੋਰਸ ਦੀ ਮਦਦ ਲਈ ਗਈ। ਪ੍ਰਦਰਸ਼ਨ ਕਾਰਨ ਟ੍ਰੇਨਾਂ 2 ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਰੇਲ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨਾਲਾਸੋਪਾਰਾ 'ਚ ਟ੍ਰੈਕ 'ਤੇ ਪ੍ਰਦਰਸ਼ਨਕਾਰੀਆਂ ਦੇ ਕਾਰਨ ਪੱਛਮੀ ਰੇਲਵੇ ਦੀ ਟ੍ਰੇਨ ਸਿਰਫ ਚਰਚਗੇਟ ਤੋਂ ਵਸਈ ਰੋਡ ਵਿਚਾਲੇ ਹੀ ਚਲਾਈ ਜਾ ਰਹੀ ਸੀ। ਬਾਅਦ 'ਚ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ।

ਪੱਛਮੀ ਰੇਲਵੇ ਦੇ ਮੁੱਖ ਬੁਲਾਰੇ ਨੇ ਦੱਸਿਆ ਹੈ ਕਿ ਵਿਰੋਧ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ। ਇਸ ਤੋਂ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਦੂਜੇ ਸੂਬਿਆਂ ਅਤੇ ਸ਼ਹਿਰਾਂ ਤੋਂ ਮੁੰਬਈ ਆਉਣ ਵਾਲੀਆਂ ਕਈ ਟ੍ਰੇਨਾਂ ਦੇਰੀ ਨਾਲ ਚੱਲੀਆਂ ਹਨ। ਲੋਕਾਂ ਨੂੰ ਟ੍ਰੈਕ ਤੋਂ ਹਟਾਉਣ ਲਈ ਪੁਲਸ ਨੇ ਲਾਠੀਚਾਰਜ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਦੇ ਅਵੰਤੀਪੁਰਾ 'ਚ ਨੈਸ਼ਨਲ ਹਾਈਵੇਅ 'ਤੇ ਹੋਏ ਅੱਤਵਾਦੀ ਹਮਲੇ 'ਚ 40 ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਹੋ ਗਏ ਸੀ।


author

Iqbalkaur

Content Editor

Related News