ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਹੋਇਆ, ਮੋਦੀ ਚੁੱਪ ਕਿਉਂ ਹਨ : ਮਲਿਕਾਰਜੁਨ ਖੜਗੇ
Saturday, Nov 05, 2022 - 03:20 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ਦੇ ਵਿਭਾਗਾਂ 'ਚ ਖ਼ਾਲੀ ਪਏ ਅਹੁਦਿਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਹਰ ਸਾਲ ਦੇ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦਾ ਜ਼ਿਕਰ ਕਰਦੇ ਹੋਏ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ 'ਚ ਅਸਫ਼ਲ ਰਹੀ ਹੈ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ 8 ਸਾਲ 'ਚ 16 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਤੇ ਚੁੱਪ ਕਿਉਂ ਹਨ? ਖੜਗੇ ਨੇ ਖ਼ਾਲੀ ਅਹੁਦਿਆਂ ਨਾਲ ਜੁੜੇ ਕੁਝ ਅੰਕੜੇ ਸਾਂਝੇ ਕਰਦੇ ਹੋਏ ਟਵੀਟ ਕੀਤਾ,''ਮੋਦੀ ਜੀ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਸੱਤਾ 'ਚ ਆਏ ਸਨ। ਹਰ ਸਾਲ ਚੰਗੀ ਤਨਖਾਹ ਵਾਲੀਆਂ 2 ਕਰੋੜ ਨੌਕਰੀਆਂ ਦੇਣਾ ਭੁੱਲ ਜਾਓ, ਭਾਜਪਾ ਸਰਕਾਰ 8 ਸਾਲਾਂ 'ਚ ਕੇਂਦਰ ਸਰਕਾਰ 'ਚ ਖ਼ਾਲੀ ਪਏ 10 ਲੱਖ ਅਹੁਦਿਆਂ ਨੂੰ ਭਰਨ ਬਾਰੇ ਸੋਚ ਵੀ ਨਹੀਂ ਸਕੀ।''
ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ 'ਚ ਅਸਫ਼ਲ ਰਹੀ ਹੈ। ਉਨ੍ਹਾਂ ਤੰਜ਼ ਕੱਸਦੇ ਹੋਏ ਸਵਾਲ ਕੀਤਾ,''ਇੰਨੀਂ ਦਿਨੀਂ ਅਸੀਂ 'ਮੇਕ ਇਨ ਇੰਡੀਆ' ਅਤੇ 'ਸਕਿਲ ਇੰਡੀਆ' ਬਾਰੇ ਬਹੁਤ ਕੁਝ ਨਹੀਂ ਸੁਣਦੇ। ਇਨ੍ਹਾਂ ਪ੍ਰੋਗਰਾਮਾਂ ਅਤੇ ਇਨ੍ਹਾਂ ਨਾਲ ਜੁੜੇ ਨਾਅਰਿਆਂ ਦਾ ਕੀ ਹੋਇਆ? 8 ਸਾਲਾਂ 'ਚ 16 ਕਰੋੜ ਨੌਕਰੀਆਂ ਕਿੱਥੇ ਹਨ? ਚੁੱਪ ਕਿਉਂ ਹਨ ਮੋਦੀ ਜੀ?'' ਖੜਗੇ ਨੇ ਕਿਹਾ,''ਭਾਜਪਾ ਸਰਕਾਰ ਅਨੁਸੂਚਿਤ ਜਾਤੀ, ਜਨਜਾਤੀ ਅਤੇ ਹੋਰ ਪਿਛੜੇ ਵਰਗਾਂ ਦੇ ਕਲਿਆਣ ਲਈ ਕੰਮ ਕਰਨ ਦਾ ਦਾਅਵਾ ਕਰਦੀ ਹੈ। ਸਰਕਾਰ ਨੇ ਸੰਸਦ 'ਚ ਦਿੱਤੇ ਆਪਣੇ ਖ਼ੁਦ ਦੇ ਜਵਾਬ 'ਚ ਮੰਨਿਆ ਕਿ ਐੱਸ.ਸੀ., ਐੱਸ.ਟੀ., ਅਤੇ ਓ.ਬੀ.ਸੀ. ਦੇ ਖ਼ਾਲੀ ਪਏ ਅਹੁਦਿਆਂ ਨੂੰ ਅਜੇ ਭਰਿਆ ਨਹੀਂ ਗਿਆ ਹੈ। ਮੋਦੀ ਸਰਕਾਰ ਇਨ੍ਹਾਂ ਅਹੁਦਿਆਂ ਨੂੰ ਭਰਨ ਲਈ ਕੀ ਕਰ ਰਹੀ ਹੈ?''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ