ਭਾਜਪਾ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਦੇ ਰਹੀ ਹੈ ਰਿਸ਼ਵਤ : ਪ੍ਰਿਯੰਕਾ ਗਾਂਧੀ

Saturday, May 04, 2019 - 12:30 PM (IST)

ਭਾਜਪਾ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਦੇ ਰਹੀ ਹੈ ਰਿਸ਼ਵਤ : ਪ੍ਰਿਯੰਕਾ ਗਾਂਧੀ

ਅਮੇਠੀ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ 'ਤੇ ਅਮੇਠੀ 'ਚ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਰਿਸ਼ਵਤ ਦੇਣ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਭਗਵਾ ਦਲ ਨੂੰ ਗਲਤਫਹਿਮੀ ਹੈ ਕਿ ਪੁਸ਼ਤਾਂ ਤੋਂ ਚੱਲ ਰਹੀ ਪਿਆਰ ਅਤੇ ਸੱਚੀ ਰਾਜਨੀਤੀ ਦੀ ਮਿਸਾਲ ਨੂੰ ਇੰਨੀ ਰਕਮ 'ਚ ਖਰੀਦਿਆ ਜਾ ਸਕਦਾ ਹੈ। ਪ੍ਰਿਯੰਕਾ ਨੇ ਇੱਥੇ ਇਕ ਨੁੱਕੜ ਸਭਾ 'ਚ ਕਿਹਾ,''ਇੱਥੇ ਗਲਤ ਪ੍ਰਚਾਰ ਹੋ ਰਿਹਾ ਹੈ। ਪੈਸਾ ਵੰਡਿਆ ਜਾ ਰਿਹਾ ਹੈ। ਕਾਂਗਰਸ ਨੂੰ ਜਨਤਾ ਦਰਮਿਆਨ ਆਪਣਾ ਮੈਨੀਫੈਸਟੋ ਵੰਡ ਰਹੀ ਹੈ ਪਰ ਭਾਜਪਾ ਵਾਲੇ ਪੱਤਰ ਨਹੀਂ ਸਗੋਂ ਪਿੰਡ ਦੇ ਪ੍ਰਧਾਨਾਂ ਨੂੰ 20-20 ਹਜ਼ਾਰ ਰੁਪਏ ਭੇਜ ਰਹੇ ਹਨ।'' ਉਨ੍ਹਾਂ ਨੇ ਕਿਹਾ,''ਹਾਸੇ ਵਾਲੀ ਗੱਲ ਹੈ ਕਿ ਉਹ (ਭਾਜਪਾ) ਸੋਚ ਰਹੇ ਹਨ ਕਿ ਅਮੇਠੀ ਦਾ ਪ੍ਰਧਾਨ 20 ਹਜ਼ਾਰ ਰੁਪਏ 'ਚ ਵਿਕ ਜਾਵੇਗਾ। ਉਹ ਸੋਚ ਰਹੇ ਹਨ ਕਿ ਜੋ (ਨਹਿਰੂ-ਗਾਂਧੀ ਪਰਿਵਾਰ ਨਾਲ) ਪੁਸ਼ਤਾਂ ਤੋਂ ਚੱਲਿਆ ਜਾ ਰਿਹਾ ਪਿਆਰ ਅਤੇ ਸੱਚੀ ਰਾਜਨੀਤੀ ਦੀ ਮਿਸਾਲ ਹੈ, ਉਸ ਨੂੰ 20 ਹਜ਼ਾਰ ਰੁਪਏ 'ਚ ਖਰੀਦ ਲੈਣਗੇ।''
 

ਸਮਰਿਤੀ ਅਮੇਠੀ ਆ ਕੇ ਕਰ ਰਹੀ ਨਾਟਕ
ਪ੍ਰਿਯੰਕਾ ਨੇ ਕੇਂਦਰੀ ਮੰਤਰੀ ਅਤੇ ਅਮੇਠੀ ਤੋਂ ਭਾਜਪਾ ਉਮੀਦਵਾਰ ਸਮਰਿਤੀ ਇਰਾਨੀ 'ਤੇ ਕਰਾਰਾ ਵਾਰ ਕਰਦੇ ਹੋਏ ਕਿਹਾ ਕਿ ਖੇਤਰੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਲਾਪਤਾ ਦੱਸਣ ਵਾਲੀ ਸਮਰਿਤੀ ਅਮੇਠੀ ਆ ਕੇ ਨਾਟਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਇਹ (ਸਮਰਿਤੀ) ਤੁਹਾਡੇ ਖੇਤਰ 'ਚ ਨਾਟਕ ਕਰ ਰਹੀ ਹੈ। ਉਹ ਖੁਦ 16 ਵਾਰ ਅਮੇਠੀ ਆਈ ਹੈ, ਜਦੋਂ ਕਿ ਤੁਹਾਡੇ ਸੰਸਦ ਮੈਂਬਰ ਰਾਹੁਲ ਉਨ੍ਹਾਂ ਤੋਂ ਦੁੱਗਣੀ ਵਾਰ ਇੱਥੇ ਆਏ ਹਨ। ਉਹ ਤੁਹਾਡੇ ਪਿੰਡ-ਪਿੰਡ ਜਾ ਕੇ ਇੱਥੇ ਰਹਿ ਚੁਕੇ ਹਨ। ਇਹ (ਸਮਰਿਤੀ) ਦੇਸ਼ ਭਰ ਦੀ ਮੀਡੀਆ ਬੁਲਾ ਕੇ ਇੱਥੋਂ ਦੇ ਲੋਕਾਂ 'ਚ ਬੂਟਾਂ ਦੀ ਵੰਡ ਕਰ ਦਿੰਦੀ ਹੈ। ਇਹ ਤੁਹਾਡਾ ਅਪਮਾਨ ਕਰਨਾ ਚਾਹੁੰਦੀ ਹੈ ਕਿ ਅਮੇਠੀ ਦੇ ਲੋਕਾਂ ਕੋਲ ਬੂਟ ਨਹੀਂ ਹਨ। ਉਹ ਪੂਰੀ ਤਰ੍ਹਾਂ ਨਾਸਮਝ ਹਨ, ਇਹ ਜਾਣ ਨਹੀਂ ਸਕੀ ਕਿ ਅਮੇਠੀ ਦੀ ਜਨਤਾ ਕੀ ਹੈ।''
 

12 ਹਜ਼ਾਰ ਕਿਸਾਨ ਕਰ ਚੁਕੇ ਹਨ ਖੁਦਕੁਸ਼ੀ
ਪ੍ਰਿਯੰਕਾ ਨੇ ਕਿਹਾ,''ਅਮੇਠੀ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਇਹੀ ਹੋ ਰਿਹਾ ਹੈ। ਤੁਹਾਡੇ ਸਾਹਮਣੇ ਵੱਡੇ-ਵੱਡੇ ਪ੍ਰਚਾਰ ਕੀਤੇ ਗਏ। ਕਿਸ ਨੂੰ ਮਿਲੇ 15 ਲੱਖ ਰੁਪਏ? 2 ਕਰੋੜ ਰੋਜ਼ਗਾਰ ਕਹੇ ਸਨ, ਕਿਸ ਨੂੰ ਮਿਲਿਆ ਰੋਜ਼ਗਾਰ? ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੀ ਗੱਲ ਕਹੀ ਸੀ। ਮੈਂ ਪੂਰੇ ਯੂ.ਪੀ. 'ਚ ਘੁੰਮ ਰਹੀ ਹਾਂ, ਜਿੱਥੇ ਵੀ ਜਾਂਦੀ ਹਾਂ, ਪਤਾ ਲੱਗਦਾ ਹੈ ਕਿ ਪੈਦਾਵਾਰ ਦੀ ਕੀਮਤ ਨਹੀਂ ਮਿਲਦੀ। ਕਿਸਾਨ ਕਰਜ਼ 'ਚ ਡੁੱਬ ਰਿਹਾ ਹੈ। ਹੁਣ ਤੱਕ 12 ਹਜ਼ਾਰ ਕਿਸਾਨ ਖੁਦਕੁਸ਼ੀ ਕਰ ਚੁਕੇ ਹਨ। ਤੁਹਾਡੀ ਫਸਲ ਬੀਮੇ ਦੇ ਪ੍ਰੀਮੀਅਮ ਦੇ ਕੁੱਲ 10 ਹਜ਼ਾਰ ਕਰੋੜ ਰੁਪਏ ਵੱਡੇ-ਵੱਡੇ ਉਦਯੋਗਪਤੀਆਂ ਦੀ ਜੇਬ 'ਚ ਜਾ ਚੁਕੇ ਹਨ।'' ਉਨ੍ਹਾਂ ਨੇ ਪਸ਼ੂਆਂ ਦੀ ਸਮੱਸਿਆ ਚੁੱਕਦੇ ਹੋਏ ਕਿਹਾ,''ਕਿਸਾਨ ਭਰਾ ਦੱਸੋ ਕਿ ਅਵਾਰਾ ਪਸ਼ੂਆਂ ਤੋਂ ਤੁਹਾਨੂੰ ਕੀ ਸਮੱਸਿਆ ਹੋ ਰਹੀ ਹੈ। ਕੀ ਭਾਜਪਾ ਦੇ ਮੰਤਰੀ ਅਵਾਰਾ ਜਾਨਵਰਾਂ ਤੋਂ ਬਚਾਉਣ ਲਈ ਤੁਹਾਡੇ ਖੇਤ ਦੀ ਚੌਕੀਦਾਰੀ ਕਰ ਰਹੇ ਹਨ?''


author

DIsha

Content Editor

Related News