ਪ੍ਰਧਾਨ ਮੰਤਰੀ ਮੋਦੀ ਲੋਕਰਾਜੀ ਨੇਤਾ, ਠਰ੍ਹੰਮੇ ਨਾਲ ਸੁਣਦੇ ਹਨ : ਸ਼ਾਹ
Monday, Oct 11, 2021 - 02:14 PM (IST)
ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਲੋਕਰਾਜੀ ਨੇਤਾ ਕਰਾਰ ਦਿੰਦਿਆਂ ਐਤਵਾਰ ਕਿਹਾ ਕਿ ਉਨ੍ਹਾਂ ਦੇ ਆਲੋਚਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜਿਸ ਲੋਕਰਾਜੀ ਢੰਗ ਨਾਲ ਉਨ੍ਹਾਂ ਦੀ ਅਗਵਾਈ ’ਚ ਕੇਂਦਰੀ ਮੰਤਰੀ ਮੰਡਲ ਕੰਮ ਕਰ ਰਿਹਾ ਹੈ, ਉਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ। ਮੋਦੀ ਨੂੰ ਤਾਨਾਸ਼ਾਹ ਨੇਤਾ ਦੱਸੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਵਰਗਾ ਸਰੋਤਾ ਵੇਖਿਆ ਹੀ ਨਹੀਂ ਜੋ ਛੋਟੇ ਤੋਂ ਛੋਟੇ ਵਿਅਕਤੀ ਦੇ ਸੁਝਾਅ ਨੂੰ ਵੀ ਅਹਿਮੀਅਤ ਦਿੰਦੇ ਹਨ। ਹਰ ਬੈਠਕ ਵਿਚ ਮੋਦੀ ਜੀ ਘੱਟ ਤੋਂ ਘੱਟ ਬੋਲਦੇ ਹਨ, ਸਭ ਨੂੰ ਠਰ੍ਹੇਮੇ ਨਾਲ ਸੁਣਦੇ ਹਨ ਅਤੇ ਫਿਰ ਢੁਕਵਾਂ ਫੈਸਲਾ ਲੈਂਦੇ ਹਨ।
ਸ਼ਾਹ ਨੇ ਕਿਹਾ ਕਿ ਕੌਮੀ ਹਿੱਤਾਂ ’ਚ ਸਖਤ ਫੈਸਲੇ ਲੈਣ ਤੋਂ ਮੋਦੀ ਝਿਜਕਦੇ ਨਹੀਂ। ਕਈ ਮੌਕਿਆਂ ’ਤੇ ਤਾਂ ਉਨ੍ਹਾਂ ਦੇਸ਼ ਦੇ ਕਲਿਆਣ ਲਈ ਅਜਿਹਾ ਕੀਤਾ ਵੀ ਹੈ। ਮੋਦੀ ਅਨੁਸ਼ਾਸਨ ’ਤੇ ਜ਼ੋਰ ਦਿੰਦੇ ਹਨ, ਇਸ ਲਈ ਕੁਝ ਬੈਠਕਾਂ ਦੀ ਜਾਣਕਾਰੀ ਜਿਸ ਨੂੰ ਖੁਫੀਆ ਰੱਖੇ ਜਾਣ ਦੀ ਲੋੜ ਹੁੰਦੀ ਹੈ, ਸਾਹਮਣੇ ਨਹੀਂ ਆਉਂਦੀ। ਉਨ੍ਹਾਂ ਦਾਅਵਾ ਕੀਤਾ ਕਿ ਸਭ ਬੈਠਕਾਂ ’ਚ ਕੋਈ ਵੀ ਫੈਸਲਾ ਸਮੂਹਿਕ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਲਿਆ ਜਾਂਦਾ ਹੈ।
ਮੋਦੀ ਨੇ ਹਮੇਸ਼ਾ ਹੀ ਕਿਹਾ ਹੈ ਕਿ ਉਹ ਸਿਰਫ ਸਰਕਾਰ ਚਲਾਉਣ ਲਈ ਸੱਤਾ ’ਚ ਨਹੀਂ ਆਏ ਹਨ ਸਗੋਂ ਦੇਸ਼ ਦੀ ਬਿਹਤਰੀ ਲਈ ਅਤੇ ਉਸ ਨੂੰ ਬਦਲਣ ਲਈ ਸੱਤਾ ’ਚ ਆਏ ਹਨ। ਇਹੀ ਕਾਰਨ ਹੈ ਕਿ ਉਹ ਕੌਮੀ ਅਤੇ ਲੋਕ ਹਿੱਤਾਂ ’ਚ ਸਖਤ ਫੈਸਲੇ ਲੈਂਦੇ ਹਨ। ਅਜਿਹੇ ਫੈਸਲੇ ਕਈ ਵਾਰ ਪਾਰਟੀ ਹਮਾਇਤੀਆਂ ਦੇ ਵਿਰੁੱਧ ਵੀ ਹੁੰਦੇ ਹਨ। ਸ਼ਾਹ ਨੇ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਆਪਣੇ ਦੋਸਤਾਂ ਨੂੰ ਬੇਨਤੀ ਕਰਨਗੇ ਕਿ ਜੇ ਮੌਜੂਦਾ ਸਰਕਾਰ ’ਚ ਕੋਈ ਭ੍ਰਿਸ਼ਟਾਚਾਰ ਹੋਇਆ ਹੈ ਤਾਂ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਏ। ਸਾਡੀਆਂ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਓ ਪਰ ਨਿੱਜੀ ਹਮਲੇ ਕਰਕੇ ਸਿਆਸਤ ਦੀ ਮਰਿਆਦਾ ਨੂੰ ਘੱਟ ਨਾ ਕਰੋ।