ਪ੍ਰਧਾਨ ਮੰਤਰੀ ਮੋਦੀ ਦੀ ਮੂੰਹ ਬੋਲੀ ਭੈਣ ਦਾ ਹੋਇਆ ਦਿਹਾਂਤ
Saturday, Mar 10, 2018 - 07:58 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਖੜੀ ਬੰਨਣ ਵਾਲੀ ਉਨ੍ਹਾਂ ਦੀ ਮੂੰਹ ਬੋਲੀ ਭੈਣ ਦਾ ਅੱਜ ਦਿਹਾਂਤ ਹੋ ਗਿਆ। 104 ਸਾਲਾਂ ਦੀ ਸ਼ਰਬਤੀ ਦੇਵੀ ਨੇ ਝਾਰਖੰਡ ਦੇ ਧਨਬਾਦ 'ਚ ਆਖਿਰੀ ਸਾਹ ਲਿਆ। ਸ਼ਰਬਤੀ ਉਸ ਸਮੇਂ ਚਰਚਾ 'ਚ ਆਈ ਸੀ, ਜਦੋਂ ਉਸ ਨੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨੀ ਸੀ।
ਗੁਜਰਾਤ ਮੂਲ ਦੀ ਸ਼ਰਬਤੀ ਦੇਵੀ ਦੇ ਭਰਾ ਦੀ 50 ਸਾਲ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ। ਇਸ ਕਾਰਨ ਉਹ ਰੱਖੜੀ ਦੇ ਦਿਨ ਉਦਾਸ ਹੋ ਜਾਂਦੀ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਆਪਣਾ ਮੂੰਹ ਬੋਲਿਆ ਭਰਾ ਮੰਨਣ ਵਾਲੀ ਸ਼ਰਬਤੀ ਦੇਵੀ ਦੀ ਤੰਮਨਾ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਰੱਖੜੀ ਬੰਨ੍ਹੇ। ਪਿਛਲੇ ਸਾਲ ਉਸ ਨੇ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਰੱਖੜੀ ਬੰਨਣ ਦੀ ਇੱਛਾ ਪ੍ਰਗਟ ਕੀਤੀ ਸੀ, ਜਿਸ ਨੂੰ ਮੋਦੀ ਨੇ ਸਵੀਕਾਰ ਕੀਤਾ ਅਤੇ ਸ਼ਰਬਤੀ ਨੂੰ ਆਪਣੀ ਦਿੱਲੀ ਸਥਿਤ ਰਿਹਾਇਸ਼ 'ਚ ਬੁਲਾਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰੋਟੋਕਾਲ ਤੋੜਦੇ ਹੋਏ ਸ਼ਰਬਤੀ ਨਾਲ ਮੁਲਾਕਾਤ ਕੀਤੀ ਅਤੇ ਰੱਖੜੀ ਬੰਨ ਕੇ ਉਸ ਦੀ ਇੱਛਾ ਪੂਰੀ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਦਫਤਰ ਦੇ ਟਵਿਟਰ 'ਤੇ ਸ਼ਰਬਤੀ ਦੇਵੀ ਅਤੇ ਪ੍ਰਧਾਨ ਮੰਤਰੀ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਮੋਦੀ ਦੇ ਇਸ ਕਦਮ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸ਼ਰਬਤੀ ਦੇਵੀ ਦੇ ਚਾਰ ਪੁੱਤਰ ਅਤੇ 3 ਧੀਆਂ ਹਨ। ਸ਼ਰਬਤੀ ਦਾ ਅੰਤਿਮ ਸੰਸਕਾਰ ਐਤਵਾਰ 11 ਮਾਰਚ ਨੂੰ ਬਸਤਾਕੋਲਾ ਸਥਿਤ ਗਊਂਸ਼ਾਲਾ 'ਚ ਕੀਤਾ ਜਾਵੇਗਾ।
