PM ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਨੇ ਜੰਤਰ-ਮੰਤਰ ’ਤੇ ਦਿੱਤਾ ਧਰਨਾ, ਜਾਣੋ ਕਿਉਂ
Tuesday, Aug 02, 2022 - 06:06 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਅਤੇ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਹਿਲਾਦ ਮੋਦੀ ਨੇ ਸੰਗਠਨ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮੰਗਲਵਾਰ ਇਥੇ ਜੰਤਰ-ਮੰਤਰ ਵਿਖੇ ਧਰਨਾ ਦਿੱਤਾ। ਪ੍ਰਹਿਲਾਦ ਮੋਦੀ ਅਤੇ ਫੈਡਰੇਸ਼ਨ ਦੇ ਹੋਰ ਮੈਂਬਰ ਜੰਤਰ-ਮੰਤਰ ਵਿਖੇ ਇਕੱਠੇ ਹੋਏ ਅਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਵਿਸ਼ੰਭਰ ਬਸੂ ਨੇ ਕਿਹਾ ਕਿ ਉਹ ਆਪਣੀਆਂ 9 ਸੂਤਰੀ ਮੰਗਾਂ ਬਾਰੇ ਇਕ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਸੌਂਪਣਗੇ। ਉਨ੍ਹਾਂ ਕਿਹਾ,''ਸਾਡੀ ਬੁੱਧਵਾਰ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਮੁਲਾਕਾਤ ਦੀ ਯੋਜਨਾ ਹੈ।'' ਫੈਡਰੇਸ਼ਨ ਢੁੱਕਵੇਂ ਮੁੱਲ ਵਾਲੀਆਂ ਦੁਕਾਨਾਂ ਤੋਂ ਵੇਚੇ ਜਾਣ ਵਾਲੇ ਚੌਲ, ਕਣਕ, ਖੰਡ ਅਤੇ ਖਾਣ ਵਾਲੇ ਤੇਲਾਂ ਦੇ ਨਾਲ ਹੀ ਦਾਲਾਂ ’ਤੇ ਹੋਣ ਵਾਲੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਦੀ ਇਹ ਵੀ ਮੰਗ ਹੈ ਕਿ 'ਪੱਛਮੀ ਬੰਗਾਲ ਰਾਸ਼ਨ ਮਾਡਲ' ਨੂੰ ਦੇਸ਼ ਭਰ 'ਚ ਲਾਗੂ ਕੀਤਾ ਜਾਵੇ। ਬਸੂ ਨੇ ਕਿਹਾ,''ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਉੱਚਿਤ ਮੁੱਲ ਵਾਲੀਆਂ ਦੁਕਾਨਾਂ ਦੇ ਮਾਧਿਅਮ ਨਾਲ ਖਾਣ ਵਾਲੇ ਤੇਲ, ਦਾਲ ਅਤੇ ਐੱਲ.ਪੀ.ਜੀ. ਗੈਸ ਸਿਲੰਡਰ ਦੀ ਸਪਲਾਈ ਕੀਤੀ ਜਾਵੇ। ਗ੍ਰਾਮੀਣ ਖੇਤਰਾਂ ਦੀ ਉੱਚਿਤ ਦਰ ਵਾਲੀਆਂ ਦੁਕਾਨਾਂ ਦੇ ਡੀਲਰਾਂ ਨੂੰ ਚੌਲ ਅਤੇ ਕਣਕ ਲਈ ਸਿੱਧੇ ਖਰੀਦ ਏਜੰਟ ਦੇ ਰੂਪ 'ਚ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਸਾਡੀਆਂ ਮੰਗਾਂ ਨੂੰ ਟੀ.ਐੱਮ.ਸੀ. ਸੰਸਦ ਮੈਂਬਰ ਸੌਗਤ ਰਾਏ ਨੇ ਵੀ ਸੰਸਦ 'ਚ ਉਠਾਇਆ ਸੀ।''