ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ 31 ਤਕ ਵਧੀ

Friday, Aug 16, 2024 - 06:33 PM (IST)

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ 31 ਤਕ ਵਧੀ

ਜੈਤੋ (ਰਘੂਨੰਦਨ ਪਰਾਸ਼ਰ) : ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀਆਂ ਮੰਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਹੜੇ ਬੱਚੇ ਅਸਾਧਾਰਨ ਕਾਬਲੀਅਤਾਂ, ਸ਼ਾਨਦਾਰ ਪ੍ਰਾਪਤੀਆਂ ਵਾਲੇ, ਦੂਜਿਆਂ ਲਈ ਰੋਲ ਮਾਡਲ ਅਤੇ ਜਿਨ੍ਹਾਂ ਨੇ ਖੇਡਾਂ, ਸਮਾਜ ਸੇਵਾ, ਤਕਨਾਲੋਜੀ, ਵਾਤਾਵਰਨ ਅਤੇ ਹੋਰਨਾਂ ਖੇਤਰਾਂ ਵਿੱਚ ਸਮਾਜ 'ਤੇ ਆਪਣਾ ਸ਼ਾਨਦਾਰ ਪ੍ਰਭਾਵ ਪਾਇਆ ਹੈ, ਉਹ ਰਾਸ਼ਟਰੀ ਪੱਧਰ 'ਤੇ ਮਾਨਤਾ ਦੇ ਹੱਕਦਾਰ ਹਨ। ਅਜਿਹੇ ਬੱਚਿਆਂ ਨੂੰ ਬਣਦਾ ਸਨਮਾਨ ਦੇਣ ਲਈ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਹਰ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਵਿੱਚ ਇੱਕ ਮੈਡਲ, ਸਰਟੀਫਿਕੇਟ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ, ਜੋ ਭਾਰਤੀ ਨਾਗਰਿਕ ਹੈ ਅਤੇ ਭਾਰਤ ਵਿੱਚ ਰਹਿ ਰਿਹਾ ਹੈ ਅਤੇ ਉਸ ਦੀ ਉਮਰ 18 ਸਾਲ ਤੋਂ ਵੱਧ ਨਹੀਂ ਹੈ, ਇਸ ਪੁਰਸਕਾਰ ਲਈ ਅਪਲਾਈ ਕਰ ਸਕਦਾ ਹੈ। 

ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀਆਂ ਆਨਲਾਈਨ ਪੋਰਟਲ https://awards.gov.in ਰਾਹੀਂ ਹੀ ਪ੍ਰਾਪਤ ਕੀਤੀਆਂ ਜਾਣਗੀਆਂ। ਆਨਲਾਈਨ ਅਰਜ਼ੀ ਫਾਰਮ ਪ੍ਰਾਪਤ ਕਰਨ ਦੀ ਆਖਰੀ ਮਿਤੀ 31/07/2024 ਤੋਂ ਵਧਾ ਕੇ 31/08/2024 ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ, ਫ਼ਰੀਦਕੋਟ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਰਾਸ਼ਟਰੀ ਪੱਧਰ ਦਾ ਇੱਕੋ ਇੱਕ ਬਾਲ ਪੁਰਸਕਾਰ ਹੈ। ਇਸ ਲਈ ਉੱਪਰ ਦਿੱਤੇ ਵੇਰਵਿਆਂ ਅਨੁਸਾਰ ਰਾਸ਼ਟਰੀ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਸ ਪੋਰਟਲ 'ਤੇ ਬਿਨੈ ਪੱਤਰ ਭਰਿਆ ਜਾਵੇ।


author

Baljit Singh

Content Editor

Related News