ਜੰਮੂ ਕਸ਼ਮੀਰ ਦੀਆਂ ਸਾਬਕਾ ਸਰਕਾਰਾਂ ਨੇ ਪ੍ਰਦੇਸ਼ ਨੇ ਲੁੱਟਿਆ : ਤਰੁਣ ਚੁਘ
Sunday, Dec 25, 2022 - 04:23 PM (IST)
ਸ਼੍ਰੀਨਗਰ (ਭਾਸ਼ਾ)- ਭਾਜਪਾ ਦੇ ਸੀਨੀਅਰ ਨੇਤਾ ਤਰੁਣ ਚੁਘ ਨੇ ਅਬਦੁੱਲਾ, ਮੁਫ਼ਤੀ ਅਤੇ ਨਹਿਰੂ-ਗਾਂਧੀ ਪਰਿਵਾਰ 'ਤੇ ਜੰਮੂ ਕਸ਼ਮੀਰ ਨੂੰ ਲੁੱਟਣ ਦਾ ਦੋਸ਼ ਲਗਾਉਣ ਹੋਏ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੀ ਪਹਿਲ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਹੁਣ ਪਹਿਲੇ ਦੀ 'ਅੱਤਵਾਦ ਦੀ ਰਾਜਧਾਨੀ' ਤੋਂ 'ਸੈਰ-ਸਪਾਟਾ ਰਾਜਧਾਨੀ' ਬਣ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਜੰਮੂ ਕਸ਼ਮੀਰ 'ਚ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਜਲਦ ਹੀ ਚੋਣਾਂ ਕਰਵਾਈਆਂ ਜਾਣਗੀਆਂ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ ਚੁਘ ਨੇ ਸ਼ਨੀਵਾਰ ਨੂੰ ਜੰਮੂ 'ਚ ਕਿਹਾ ਕਿ ਪਾਰਟੀ ਵਰਕਰਾਂ ਨੂੰ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਹੈ, ਜੋ ਅਗਲੇ ਸਾਲ ਮਈ 'ਚ ਹੋਣ ਦੀ ਸੰਭਾਵਨਾ ਹੈ।
ਚੁਘ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ 'ਚ ਚੋਣਾਂ ਕਰਵਾਉਣ ਦੀ ਵਚਨਬੱਧਤਾ ਜਤਾਈ ਹੈ ਅਤੇ ਚੋਣ ਕਮਿਸ਼ਨ ਇਸ ਦੀ ਤਿਆਰੀ ਕਰ ਰਿਹਾ ਹੈ। ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ, ਤਾਂ ਕਿ ਲੋਕ ਆਪਣੀ ਪਸੰਦ ਦੀ ਸਰਕਾਰ ਚੁਣਨ।'' ਭਾਜਪਾ ਨੇਤਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਜੰਮੂ ਕਸ਼ਮੀਰ 'ਚ ਸ਼ਾਂਤੀ ਸਥਾਪਤ ਕਰਨ ਅਤੇ ਵਿਕਾਸ ਲਈ ਸ਼ੁਰੂ ਕੀਤੇ ਗਏ ਕੰਮਾਂ ਨੂੰ ਹੁਣ ਪ੍ਰਧਾਨ ਮੰਤਰੀ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ,''ਜੰਮੂ ਕਸ਼ਮੀਰ ਅੱਜ ਅੱਗੇ ਵਧ ਰਿਹਾ ਹੈ। ਇਕ ਸਮਾਂ ਸੀ, ਜਦੋਂ ਤਿੰਨ ਪਰਿਵਾਰਾਂ ਨੇ ਜੰਮੂ ਕਸ਼ਮੀਰ ਨੂੰ 'ਲੁੱਟ ਦਾ ਉਦਯੋਗ' ਬਣਾ ਲਿਆ ਸੀ। ਇਨ੍ਹਾਂ ਤਿੰਨ ਪਰਿਵਾਰਾਂ ਨੇ ਜੰਮੂ ਕਸ਼ਮੀਰ ਨੂੰ 7 ਦਹਾਕਿਆਂ ਤੋਂ ਲੁੱਟਿਆ। ਜਨਤਕ ਵਸੀਲੇ ਲੁੱਟ ਗਏ, ਇੱਥੇ ਦੇ ਵਿਕਾਸ ਅਤੇ ਸ਼ਾਂਤੀ ਨੂੰ ਵੀ ਲੁੱਟਿਆ ਗਿਆ।''