ਰਾਸ਼ਟਰਪਤੀ ਆਦਿਵਾਸੀ ਹਨ, ਇਸ ਲਈ ਨਹੀਂ ਬੁਲਾਇਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ : ਰਾਹੁਲ

Saturday, Apr 13, 2024 - 08:18 PM (IST)

ਜਗਦਲਪੁਰ (ਛੱਤੀਸਗੜ੍ਹ), (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਭਾਰਤ ਦੀ ਰਾਸ਼ਟਰਪਤੀ ਨੂੰ ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹ ਇਕ ਆਦਿਵਾਸੀ ਹਨ ਅਤੇ ਇਹ ਭਾਜਪਾ ਦੀ ਸੋਚ ਨੂੰ ਦਰਸਾਉਂਦਾ ਹੈ।

ਛੱਤੀਸਗੜ੍ਹ ਦੇ ਬਸਤਰ ਜ਼ਿਲੇ ਦੇ ਹੈੱਡਕੁਆਰਟਰ ਜਗਦਲਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ 2 ਵਿਚਾਰਧਾਰਾਵਾਂ ਦੇ ਵਿਚਾਲੇ ਦੀ ਲੜਾਈ ਦੱਸਿਆ, ਜਿਸ ਵਿਚ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਅਤੇ ਇਸਨੂੰ ਨਸ਼ਟ ਕਰਨ ਵਾਲੇ ਲੋਕ ਸ਼ਾਮਲ ਹਨ। ਇਹ ਚੋਣ ਰੈਲੀ ਅਨੁਸੂਚਿਤ ਜਨਜਾਤੀ ਲਈ ਰਾਖਵੀਂ ਬਸਤਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਵਾਸੀ ਲਖਮਾ ਦੇ ਸਮਰਥਨ ਵਿਚ ਆਯੋਜਿਤ ਕੀਤੀ ਗਈ। 

ਗਾਂਧੀ ਨੇ ਕਿਹਾ ਕਿ ਮੋਦੀ ਜੀ ਨੇ ਆਦਿਵਾਸੀ ਸ਼ਬਦ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ, ਭਾਜਪਾ ਦੇ ਲੋਕ ਤੁਹਾਨੂੰ ਬਨਵਾਸੀ ਕਹਿੰਦੇ ਹਨ। ਬਨਵਾਸੀ ’ਚ ਅਤੇ ਆਦਿਵਾਸੀ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਆਦਿਵਾਸੀ ਦਾ ਮਤਲਬ ਉਹ ਵਰਗ ਜੋ ਇਸ ਜ਼ਮੀਨ ਦਾ, ਜਲ ਦਾ, ਜੰਗਲ ਦਾ ਪਹਿਲਾ ਅਤੇ ਅਸਲੀ ਮਾਲਕ ਹੈ। ਜੋ ਲੋਕ ਤੁਹਾਨੂੰ ਆਦਿਵਾਸੀ ਕਹਿੰਦੇ ਹਨ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਹਿੰਦੁਸਤਾਨ ਦੇ ਜਲ, ਜੰਗਲ, ਜ਼ਮੀਨ ’ਤੇ ਆਪਣਾ ਪਹਿਲਾ ਹੱਕ ਬਣਦਾ ਹੈ।


Rakesh

Content Editor

Related News