ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਦੇਵੇਗੀ 11 ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ

Sunday, Jan 22, 2023 - 01:59 PM (IST)

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਦੇਵੇਗੀ 11 ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇਸ਼ ਦੇ 11 ਬੱਚਿਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) 2023 ਪ੍ਰਦਾਨ ਕਰਨਗੇ। ਇਕ ਅਧਿਕਾਰਤ ਬਿਆਨ ਅਨੁਸਾਰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਮੁੰਜਪਾਰਾ ਮਹਿੰਦਰਭਾਈ ਦੀ ਮੌਜੂਦਗੀ ਵਿਚ ਜੇਤੂ ਬੱਚਿਆਂ ਨਾਲ ਗੱਲਬਾਤ ਕਰੇਗੀ ਅਤੇ ਵਧਾਈ ਦੇਵੇਗੀ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ PMRBP ਜੇਤੂਆਂ ਨਾਲ ਗੱਲਬਾਤ ਕਰਨਗੇ।

ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ ਵਿਚ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 6 ਮੁੰਡੇ ਅਤੇ 5 ਕੁੜੀਆਂ ਸ਼ਾਮਲ ਹਨ। ਹਰੇਕ ਜੇਤੂ ਨੂੰ ਇਕ ਮੈਡਲ, ਇਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਸਰਟੀਫਿਕੇਟ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕੇਂਦਰ ਸਰਕਾਰ ਬੱਚਿਆਂ ਨੂੰ ਉਨ੍ਹਾਂ ਦੀਆਂ  ਸ਼ਾਨਦਾਰ ਪ੍ਰਾਪਤੀਆਂ ਲਈ  ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰਦੀ ਹੈ।

ਇਹ ਪੁਰਸਕਾਰ 5 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਲਾ ਅਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਸਿੱਖਿਆ, ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ 'ਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਜੋ ਰਾਸ਼ਟਰੀ ਪੱਧਰ 'ਤੇ ਮਾਨਤਾ ਦੇ ਹੱਕਦਾਰ ਹਨ। ਬਿਆਨ ਅਨੁਸਾਰ ਇਸ ਸਾਲ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਲਈ 4, ਬਹਾਦਰੀ ਲਈ 1, ਨਵੀਨਤਾ ਲਈ 2,  ਸਮਾਜ ਸੇਵਾ ਲਈ 1 ਅਤੇ ਖੇਡਾਂ ਦੇ ਖੇਤਰ ਵਿਚ 3 ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤੇ ਜਾਣਗੇ।


author

Tanu

Content Editor

Related News