ਜੰਮੂ-ਕਸ਼ਮੀਰ ''ਚ 6 ਸਾਲਾਂ ਬਾਅਦ ਹਟਿਆ ਰਾਸ਼ਟਰਪਤੀ ਸ਼ਾਸਨ, ਸਰਕਾਰ ਗਠਨ ਦਾ ਰਸਤਾ ਹੋਇਆ ਸਾਫ

Sunday, Oct 13, 2024 - 11:55 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਹੁਣ ਸਰਕਾਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਘਾਟੀ 'ਚ 6 ਸਾਲਾਂ ਤੋਂ ਲਾਗੂ ਰਾਸ਼ਟਰਪਤੀ ਸ਼ਾਸਨ ਨੂੰ ਹੁਣ ਹਟਾ ਲਿਆ ਗਿਆ ਹੈ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਨੈਸ਼ਨਲ ਕਾਨਫਰੰਸ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਇਸ ਨੇ 49 ਸੀਟਾਂ ਜਿੱਤੀਆਂ ਹਨ ਜਦਕਿ ਭਾਜਪਾ ਦੇ ਖਾਤੇ 'ਚ 29 ਸੀਟਾਂ ਆਈਆਂ ਹਨ।

ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ 10 ਸਾਲ ਪਹਿਲਾਂ 2014 ਵਿੱਚ ਹੋਈਆਂ ਸਨ। ਚੋਣਾਂ ਤੋਂ ਬਾਅਦ ਭਾਜਪਾ ਅਤੇ ਪੀ.ਡੀ.ਪੀ. ਨੇ ਗਠਜੋੜ ਕਰਕੇ ਸਰਕਾਰ ਬਣਾਈ ਪਰ 2018 ਵਿੱਚ ਭਾਜਪਾ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸਰਕਾਰ ਡਿੱਗ ਗਈ ਸੀ ਅਤੇ ਮਹਿਬੂਬਾ ਮੁਫਤੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ।

NC ਨੂੰ ਮਿਲ ਰਿਹਾ ਆਜ਼ਾਦ ਵਿਧਾਇਕਾਂ ਦਾ ਸਾਥ

ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਨੈਸ਼ਨਲ ਕਾਨਫਰੰਸ ਨੂੰ ਆਜ਼ਾਦ ਵਿਧਾਇਕਾਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਹੁਣ ਜੰਮੂ ਦੀ ਛੰਬ ਵਿਧਾਨ ਸਭਾ ਤੋਂ ਚੋਣ ਜਿੱਤਣ ਵਾਲੇ ਆਜ਼ਾਦ ਆਗੂ ਸਤੀਸ਼ ਸ਼ਰਮਾ ਨੈਸ਼ਨਲ ਕਾਨਫਰੰਸ ਵਿੱਚ ਸ਼ਾਮਲ ਹੋ ਗਏ ਹਨ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਡੋਡਾ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ 'ਚ ਐੱਨ.ਸੀ. ਦੀ ਪੂਰੀ ਮਦਦ ਕਰੇਗੀ।


Rakesh

Content Editor

Related News