ਰਾਸ਼ਟਰਪਤੀ ਕੋਵਿੰਦ 50ਵੇਂ ਵਿਜੇ ਦਿਵਸ ਸਮਾਰੋਹ ਲਈ ਪਹੁੰਚੇ ਬੰਗਲਾਦੇਸ਼

Wednesday, Dec 15, 2021 - 12:31 PM (IST)

ਰਾਸ਼ਟਰਪਤੀ ਕੋਵਿੰਦ 50ਵੇਂ ਵਿਜੇ ਦਿਵਸ ਸਮਾਰੋਹ ਲਈ ਪਹੁੰਚੇ ਬੰਗਲਾਦੇਸ਼

ਢਾਕਾ (ਭਾਸ਼ਾ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਬੰਗਲਾਦੇਸ਼ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ‘ਤੇ ਬੁੱਧਵਾਰ ਨੂੰ ਢਾਕਾ ਪਹੁੰਚੇ। ਇਸ ਤਿੰਨ ਦਿਨਾਂ ਦੌਰੇ ਦੌਰਾਨ ਉਹ ਆਪਣੇ ਹਮਰੁਤਬਾ ਨਾਲ ਗੱਲਬਾਤ ਕਰਨਗੇ ਅਤੇ 1971 ਵਿਚ ਪਾਕਿਸਤਾਨ ਤੋਂ ਬੰਗਲਾਦੇਸ਼ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਜਸ਼ਨਾਂ ਵਿਚ ਹਿੱਸਾ ਲੈਣਗੇ। ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਉਹ ਇੱਥੇ ਬੰਗਲਾਦੇਸ਼ ਦੇ 50ਵੇਂ ਵਿਜੇ ਦਿਵਸ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਦੀ ਨੁਮਾਇੰਦਗੀ ਕਰਨਗੇ।

PunjabKesari

ਨੇੜਲੇ ਸਬੰਧਾਂ ਨੂੰ ਦਰਸਾਉਂਦੇ ਹੋਏ, ਭਾਰਤ 1971 ਦੀ ਭਾਰਤ-ਪਾਕਿਸਤਾਨ ਜੰਗ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਕਈ ਸਮਾਗਮਾਂ ਦਾ ਆਯੋਜਨ ਵੀ ਕਰ ਰਿਹਾ ਹੈ। ਇਸ ਜੰਗ ਤੋਂ ਬਾਅਦ ਬੰਗਲਾਦੇਸ਼ ਹੋਂਦ ਵਿਚ ਆਇਆ ਸੀ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾਕਟਰ ਏ ਕੇ ਅਬਦੁਲ ਮੋਮੇਨ ਨੇ ਮੰਗਲਵਾਰ ਨੂੰ ਇੱਥੇ ਇਕ ਡਿਜੀਟਲ ਪ੍ਰੈਸ ਕਾਨਫਰੰਸ ਵਿਚ ਰਾਸ਼ਟਰਪਤੀ ਕੋਵਿੰਦ ਦੀ ਯਾਤਰਾ ਨੂੰ "ਰਸਮੀ" ਦੱਸਿਆ, ਪਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਦੌਰੇ ਦੇ ਤਹਿਤ ਦੁਵੱਲੇ ਸਬੰਧਾਂ ਨਾਲ ਜੁੜੇ ਸਾਰੇ ਮੁੱਦਿਆਂ ਦੀ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ। ਮੋਮੇਨ ਨੇ ਕਿਹਾ ਸੀ, "ਰਾਸ਼ਟਰਪਤੀ ਕੋਵਿੰਦ ਬੰਗਲਾਦੇਸ਼ ਦੇ ਰਾਸ਼ਟਰਪਤੀ ਐੱਮ. ਅਬਦੁਲ ਹਾਮਿਦ ਦੇ ਸੱਦੇ 'ਤੇ 15-17 ਦਸੰਬਰ ਨੂੰ ਬੰਗਲਾਦੇਸ਼ ਦਾ ਦੌਰਾ ਕਰਨਗੇ, ਜੋ ਕਿ ਦੋਵਾਂ ਗੁਆਂਢੀ ਦੇਸ਼ਾਂ ਦੇ ਚੰਗੇ ਸਬੰਧਾਂ ਦਾ ਇਕ ਵਿਸ਼ੇਸ਼ ਸੰਕੇਤ ਹੈ।"


author

cherry

Content Editor

Related News