ਰਾਸ਼ਟਰਪਤੀ ਕੋਵਿੰਦ 3 ਦੇਸ਼ਾਂ ਦੇ ਦੌਰੇ ਦੌਰਾਨ ਸੂਰੀਨਾਮ ''ਚ ਮਨਾਉਣਗੇ ਯੋਗ ਦਿਵਸ

Tuesday, Jun 12, 2018 - 07:07 PM (IST)

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਤੋਂ 22 ਜੂਨ ਤਕ 3 ਦੇਸ਼ਾਂ ਯੂਨਾਨ, ਸੂਰੀਨਾਮ ਅਤੇ ਕਿਊਬਾ ਦੀ ਯਾਤਰਾ 'ਤੇ ਜਾਣਗੇ ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਉਹ ਸੂਰੀਨਾਮ ਦੇ ਰਾਸ਼ਟਰਪਤੀ ਨਾਲ ਯੋਗ ਕਰਨਗੇ। ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ (ਲਾਤਿਨ ਅਮਰੀਕੀ ਦੇਸ਼) ਪਾਰਥਸਾਰਥੀ ਅਤੇ ਸੰਯੁਕਤ ਸਕੱਤਰ ਸੁਬਰਤ ਭੱਟਚਾਰਿਆ ਨੇ ਦੱਸਿਆ ਕਿ ਰਾਸ਼ਟਰਪਤੀ ਯਾਤਰਾ ਦੇ ਪਹਿਲੇ ਪੜਾਅ 'ਚ 16 ਜੂਨ ਨੂੰ ਯੂਨਾਨ ਪਹੁੰਚਣਗੇ ਅਤੇ ਉਥੋਂ 19 ਜੂਨ ਨੂੰ ਉਹ ਯਾਤਰਾ ਦੇ ਦੂਜੇ ਪੜਾਅ ਦੌਰਾਨ ਸੂਰੀਨਾਮ ਪਹੁੰਚਣਗੇ।
ਅੰਤਰਰਾਸ਼ਟਰੀ ਯੋਗ ਦਿਵਸ ਭਾਵ 21 ਜੂਨ ਨੂੰ ਉਹ ਸੂਰੀਨਾਮ 'ਚ ਰਹਿਣਗੇ ਅਤੇ ਉਥੇ ਰਾਸ਼ਟਰਪਤੀ ਡਿਜ਼ਾਇਰ ਡੇਲਾਨੋ ਬਟਰੇਸੇ ਨਾਲ ਯੋਗ ਕੈਂਪ 'ਚ ਹਿੱਸਾ ਲੈਣਗੇ। ਇਸ ਮੌਕੇ 'ਤੇ ਉਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ 'ਚ ਮੌਜੂਦ ਰਹਿਣਗੇ। 
ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਅਸ਼ੋਕ ਮਲਿਕ ਨੇ ਕਿਹਾ ਕਿ ਰਾਸ਼ਟਰਪਤੀ ਨਿਯਮਿਤ ਰੂਪ ਨਾਲ ਯੋਗ ਕਰਦੇ ਹਨ ਅਤੇ ਯੋਗ ਦਿਵਸ 'ਤੇ ਉਹ ਦੇਸ਼ 'ਚ ਰਹਿਣ ਜਾ ਵਿਦੇਸ਼ 'ਚ ਯੋਗ ਕੈਂਪ 'ਚ ਹਮੇਸ਼ਾ ਸ਼ਾਮਲ ਹੁੰਦੇ ਹਨ। ਇਸ ਵਾਰ ਉਹ ਸੂਰੀਨਾਮ 'ਚ ਰਹਿਣਗੇ ਅਤੇ ਉਥੋਂ ਦੇ ਰਾਸ਼ਟਰਪਤੀ ਵੀ ਉਨ੍ਹਾਂ ਨਾਲ ਯੋਗ ਕਰਨਗੇ। ਸੂਰੀਨਾਮ ਦੀ ਯਾਤਰਾ 'ਤੇ ਜਾਣ ਵਾਲੇ ਕੋਵਿੰਦ ਪਹਿਲੇ ਭਾਰਤੀ ਰਾਸ਼ਟਰੀ ਪ੍ਰਧਾਨ ਹਨ।
ਉਹ ਸੂਰੀਨਾਮ ਦੇ ਰਾਸ਼ਟਰਪਤੀ ਦੇ ਨਾਲ ਆਪਸੀ ਮਹੱਤਤਾ 'ਤੇ ਵੀ ਚਰਚਾ ਕਰਨਗੇ। ਉਨ੍ਹਾਂ ਦੀ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ, ਜਿਥੇ ਭਾਰਤੀ ਮੂਲ ਦੇ ਲੋਕਾਂ ਦੇ ਸੂਰੀਨਾਮ ਜਾਣ ਦੇ 145 ਸਾਲ ਪੂਰੇ ਹੋ ਰਹੇ ਹਨ। ਸੂਰੀਨਾਮ ਦੀ ਕੁੱਲ ਆਬਾਦੀ 'ਚ 37 ਫੀਸਦੀ ਭਾਰਤੀ ਮੂਲ ਦੇ ਲੋਕ ਹਨ। ਉਹ ਵਿਵੇਕਾਨੰਦ ਸੰਸਕ੍ਰਿਤੀ ਕੇਂਦਰ ਭਵਨ ਦਾ ਨੀਂਹ ਪੱਥਰ ਵੀ ਰੱਖਣਗੇ। ਇਕ ਹੇਕਟੇਅਰ 'ਚ ਬਣਨ ਵਾਲੇ ਇਸ ਕੇਂਦਰ ਲਈ ਸੂਰੀਨਾਮ ਸਰਕਾਰ ਨੇ ਜ਼ਮੀਨ ਦਿੱਤੀ ਹੈ। ਉਨ੍ਹਾਂ ਦੀ ਯਾਤਰਾ ਦੌਰਾਨ ਸਿਹਤ, ਸੂਚਨਾ ਤਕਨਾਲੋਜੀ, ਪੁਰਾਤੱਤਵ ਅਤੇ ਚੋਣਾਂ ਆਦਿ ਖੇਤਰਾਂ 'ਚ 8 ਕਰਾਰਾਂ 'ਤੇ ਦਸਤਖ਼ਤ ਕੀਤੇ ਜਾਣਗੇ।
 


Related News