ਰਾਸ਼ਟਰਪਤੀ ਦੇ ਭਾਸ਼ਨ ਦੌਰਾਨ ਬੱਤੀ ਹੋਈ ਗੁੱਲ, ਮੁਰਮੂ ਨੇ ਕਿਹਾ-ਬਿਜਲੀ ਸਾਡੇ ਨਾਲ ਲੁਕਣਮੀਟੀ ਖੇਡ ਰਹੀ

Sunday, May 07, 2023 - 07:07 PM (IST)

ਰਾਸ਼ਟਰਪਤੀ ਦੇ ਭਾਸ਼ਨ ਦੌਰਾਨ ਬੱਤੀ ਹੋਈ ਗੁੱਲ, ਮੁਰਮੂ ਨੇ ਕਿਹਾ-ਬਿਜਲੀ ਸਾਡੇ ਨਾਲ ਲੁਕਣਮੀਟੀ ਖੇਡ ਰਹੀ

ਬਾਰੀਪਦਾ (ਓਡਿਸ਼ਾ)- ਓਡਿਸ਼ਾ ਦੇ ਬਾਰੀਪਦਾ ਸਥਿਤ ਮਹਾਰਾਜਾ ਸ਼੍ਰੀ ਰਾਮਚੰਦਰ ਭੰਜਦੇਵ ਯੂਨੀਵਰਸਿਟੀ ਦੇ ਬਾਰ੍ਹਵੇਂ ਡਿਗਰੀ ਵੰਡ (ਕਾਨਵੋਕੇਸ਼ਨ) ਸਮਾਗਮ ’ਚ ਸ਼ਨੀਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ 9 ਮਿੰਟ ਤੱਕ ਬਿਜਲੀ ਗੁੱਲ ਹੋਣ ਨਾਲ ਪ੍ਰੋਗਰਾਮ ਸਥਾਨ ’ਤੇ ਹਨੇਰਾ ਛਾ ਗਿਆ।

ਉੱਚ ਸੁਰੱਖਿਆ ਵਾਲੇ ਪ੍ਰੋਗਰਾਮ ’ਚ ਇਹ ਰੁਕਾਵਟ ਸਵੇਰੇ 11.56 ਤੋਂ ਦੁਪਹਿਰ 12.05 ਤਕ ਰਹੀ। ਮੁਰਮੂ ਦੇ ਸੰਬੋਧਨ ਦੇ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਇਹ ਰੁਕਾਵਟ ਪਈ ਪਰ ਉਨ੍ਹਾਂ ਨੇ ਆਪਣਾ ਸੰਬੋਧਨ ਜਾਰੀ ਰੱਖਿਆ ਕਿਉਂਕਿ ਇਸ ਦੌਰਾਨ ਮਾਈਕ ਸਿਸਟਮ ’ਤੇ ਕੋਈ ਪ੍ਰਭਾਵ ਨਾ ਪਿਆ। ਇਸ ਦੌਰਾਨ ਏਅਰਕੰਡੀਸ਼ਨ ਸਿਸਟਮ ਵੀ ਆਮ ਵਾਂਗ ਕੰਮ ਕਰਦਾ ਰਿਹਾ। ਮੁਰਮੂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਬਿਜਲੀ ‘ਲੁਕਣਮੀਟੀ ਖੇਡ ਰਹੀ ਹੈ’ ਇਸ ਦੌਰਾਨ ਵੱਡੀ ਗਿਣਤੀ ’ਚ ਸਰੋਤੇ ਉਨ੍ਹਾਂ ਨੂੰ ਸੁਣਨ ਲਈ ਸ਼ਾਂਤੀ ਨਾਲ ਬੈਠੇ ਰਹੇ ਹਾਲਾਂਕਿ ਉੱਥੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ।

ਓਧਰ, ਟਾਟਾ ਪਾਵਰ ਦੀ ਕੰਪਨੀ ਨਾਰਥ ਓਡਿਸ਼ਾ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਸੀ.ਈ.ਓ. ਭਾਸਕਰ ਸਰਕਾਰ ਨੇ ਕਿਹਾ ਕਿ ਗੜਬੜ ਸ਼ਾਇਦ ਬਿਜਲੀ ਦੀਆਂ ਤਾਰਾਂ ’ਚ ਕੁਝ ਖਰਾਬੀ ਕਾਰਨ ਹੋਈ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਤੋਸ਼ ਕੁਮਾਰ ਤ੍ਰਿਪਾਠੀ ਨੇ ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਬਿਜਲੀ ਗੁੱਲ ਹੋਣ ’ਤੇ ਅਫਸੋਸ ਜਤਾਇਆ ਅਤੇ ਮਾਫੀ ਮੰਗੀ।


author

Rakesh

Content Editor

Related News