''ਮਸ਼ਰੂਮ ਮਹਿਲਾ'' ਦੇ ਤੌਰ ''ਤੇ ਪ੍ਰਸਿੱਧੀ ਖੱਟਣ ਵਾਲੀ ਬੀਨਾ ਨੂੰ ਮਿਲਿਆ ''ਨਾਰੀ ਸ਼ਕਤੀ ਪੁਰਸਕਾਰ''
Sunday, Mar 08, 2020 - 01:26 PM (IST)
ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਐਤਵਾਰ ਭਾਵ ਅੱਜ ਮਹਿਲਾ ਸ਼ਕਤੀਕਰਨ ਅਤੇ ਸਮਾਜ 'ਚ ਅਸਾਧਾਰਣ ਯੋਗਦਾਨ ਪਾਉਣ ਵਾਲੀਆਂ 15 ਔਰਤਾਂ ਨੂੰ 'ਨਾਰੀ ਸ਼ਕਤੀ ਪੁਰਸਕਾਰ 2019' ਨਾਲ ਸਨਮਾਨਤ ਕੀਤਾ। ਸਨਮਾਨ ਪਾਉਣ ਵਾਲੀਆਂ ਔਰਤਾਂ 'ਚ ਬਿਹਾਰ ਦੀ ਬੀਨਾ ਦੇਵੀ ਨੂੰ 'ਨਾਰੀ ਸ਼ਕਤੀ ਪੁਰਸਕਾਰ' ਨਾਲ ਰਾਸ਼ਟਰਪਤੀ ਵਲੋਂ ਸਨਮਾਨਤ ਕੀਤਾ ਗਿਆ। ਬੀਨਾ ਦੇਵੀ ਨੂੰ 'ਮਸ਼ਹੂਮ ਮਹਿਲਾ' ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਬੀਨਾ ਨੂੰ ਮਸ਼ਰੂਮ ਦੀ ਖੇਤੀ ਨੂੰ ਲੋਕਪ੍ਰਿਅ ਬਣਾਉਣ ਲਈ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ ਹੈ। ਬੀਨਾ ਦੇਵੀ 5 ਸਾਲ ਟੇਟੀਯਾਬੰਬਰ ਬਲਾਕ ਧੂਰੀ ਪੰਚਾਇਤ ਦੀ ਸਰਪੰਚ ਵੀ ਰਹਿ ਚੁੱਕੀ ਹੈ।
ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਸ ਸਮਾਰੋਹ 'ਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਤੋਂ ਇਲਾਵਾ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਮੌਜੂਦ ਸਨ। ਸਨਮਾਨ ਪਾਉਣ ਵਾਲੀਆਂ ਔਰਤਾਂ 'ਚ ਬੀਨਾ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੀ ਆਰਿਫਾ ਜਾਨ, ਝਾਰਖੰਡ ਦੀ ਚਾਮੀ ਮੁਰਮੂ, ਲੱਦਾਖ 'ਚ ਲੇਹ ਦੀ ਨਿਲਜਾ ਵਾਂਗਮੋ, ਮਹਾਰਾਸ਼ਟਰ 'ਚ ਪੁਣੇ ਦੀ ਰਸ਼ਿਮ ਉਰਧਵਾਰੇਸ਼, ਪੰਜਾਬ 'ਚ ਪਟਿਆਲਾ ਦੀ ਸਰਦਾਰਨੀ ਮਾਨ ਕੌਰ, ਉੱਤਰ ਪ੍ਰਦੇਸ਼ 'ਚ ਕਾਨਪੁਰ ਦੀ ਕਲਾਵਤੀ ਦੇਵੀ, ਉੱਤਰਾਖੰਡ 'ਚ ਦੇਹਰਾਦੂਨ ਦੀ ਤਾਸ਼ੀ ਅਤੇ ਨੁੰਗਸ਼ੀ ਮਲਿਕ, ਪੱਛਮੀ ਬੰਗਾਲ 'ਚ ਕੋਲਕਾਤਾ ਦੀ ਕੌਸ਼ਿਕੀ ਚੱਕਰਵਤੀ, ਕੇਰਲ 'ਚ ਅਲਾਪੁਝਾ ਕੋਲੱਮ ਦੀ ਭਾਗੀਰਥੀ ਅੰਮਾ ਕਾਰਥਯਾਯਿਨੀ ਅਤੇ ਭਾਰਤੀ ਹਵਾਈ ਫੌਜ 'ਚ ਮੱਧ ਪ੍ਰਦੇਸ਼ ਦੇ ਰੀਵਾ ਦੀ ਅਵਨੀ ਚੁਤਰਵੇਦੀ, ਬਿਹਾਰ ਦਰਭੰਗਾ ਦੀ ਭਾਵਨਾ ਕੰਠ ਅਤੇ ਉੱਤਰ ਪ੍ਰਦੇਸ਼, ਆਗਰਾ ਦੀ ਮੋਹਨਾ ਸਿੰਘ ਅਤੇ ਆਂਧਰਾ ਪ੍ਰਦੇਸ਼ 'ਚ ਸ਼੍ਰੀਕਾਕੁਲਮ ਦੀ ਪਦਾਲਾ ਭੂਦੇਵੀ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਸਾਲ 2019 ਦੇ ਨਾਰੀ ਸ਼ਕਤੀ ਪੁਰਸਕਾਰ ਖੇਤੀਬਾੜੀ, ਖੇਡ, ਦਸਤਕਾਰੀ, ਜੰਗਲੀ ਜੀਵਾਂ ਦੀ ਸੁਰੱਖਿਆ, ਹਥਿਆਰਬੰਦ ਸੈਨਾਵਾਂ ਅਤੇ ਸਿੱਖਿਆ ਦੇ ਖੇਤਰ 'ਚ ਪ੍ਰਦਾਨ ਕੀਤੇ ਗਏ ਹਨ।