ਗਰਭਵਤੀ ਔਰਤ ਨੂੰ ਨਹੀਂ ਮਿਲੀ ਐਂਬੂਲੈਂਸ, ਬਾਈਕ ''ਤੇ ਹਸਪਤਾਲ ਲੈ ਕੇ ਪੁੱਜੇ ਪਰਿਵਾਰ ਵਾਲੇ
Friday, Jun 28, 2019 - 05:40 PM (IST)

ਲਾਤੇਹਾਰ— ਝਾਰਖੰਡ ਦੇ ਲਾਤੇਹਾਰ 'ਚ ਇਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਉਣ ਲਈ ਜਦੋਂ ਐਂਬੂਲੈਂਸ ਨਹੀਂ ਮਿਲੀ ਤਾਂ ਪਰਿਵਾਰ ਵਾਲੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਈਕ 'ਤੇ ਬਿਠਾ ਕੇ ਲੈ ਗਏ। ਉੱਥੇ ਹੀ ਇਸ ਮਾਮਲੇ 'ਚ ਹਸਪਤਾਲ ਪ੍ਰਸ਼ਾਸਨ ਆਪਣਾ ਪੱਲਾ ਝਾੜ ਰਿਹਾ ਹੈ। ਮਾਮਲਾ ਲਾਤੇਹਾਰ ਦੇ ਚੰਦਵਾ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਚਾਰ ਮਹੀਨੇ ਦੀ ਗਰਭਵਤੀ ਔਰਤ ਦੀ ਸਿਹਤ ਖਰਾਬ ਸੀ। ਉਸ ਦੇ ਘਰ ਤੋਂ ਹਸਪਤਾਲ ਕਰੀਬ 10 ਕਿਲੋਮੀਟਰ ਦੂਰ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਐਂਬੂਲੈਂਸ ਲਈ ਫੋਨ ਕੀਤਾ ਪਰ ਐਂਬੂਲੈਂਸ ਨਹੀਂ ਆਈ। ਇੰਤਜ਼ਾਰ ਕਰਦੇ ਸਮੇਂ ਔਰਤ ਦੀ ਹਾਲਤ ਵਿਗੜਦੀ ਜਾ ਰਹੀ ਸੀ। ਆਖਰਕਾਰ ਪਰੇਸ਼ਾਨ ਹੋ ਕੇ ਉਹ ਲੋਕ ਬਾਈਕ 'ਤੇ ਹੀ ਔਰਤ ਨੂੰ ਹਸਪਤਾਲ ਲੈ ਕੇ ਪਹੁੰਚੇ।ਝਾਰਖੰਡ ਦੀਆਂ ਸਿਹਤ ਸੇਵਾਵਾਂ ਕਟਘਰੇ 'ਚ
ਔਰਤ ਦੇ ਘਰ ਵਾਲਿਆਂ ਨੇ ਦੱਸਿਆ ਕਿ ਔਰਤ ਨੂੰ ਇੰਨਾ ਤੇਜ਼ ਦਰਦ ਹੋ ਰਿਹਾ ਸੀ ਕਿ ਉਹ ਬੇਹੋਸ਼ ਹੋ ਗਈ। ਉਨ੍ਹਾਂ ਲੋਕਾਂ ਨੇ ਵਾਰ-ਵਾਰ 108 ਨੰਬਰ 'ਤੇ ਫੋਨ ਕੀਤਾ ਪਰ ਇੰਤਜ਼ਾਰ ਦੇ ਬਾਅਦ ਵੀ ਐਂਬੂਲੈਂਸ ਨਹੀਂ ਆਈ। ਦੋਸ਼ ਹੈ ਕਿ ਪਰਿਵਾਰ ਵਾਲਿਆਂ ਨੇ ਸੀ.ਐੱਚ.ਸੀ. 'ਚ ਵੀ ਫੋਨ ਕਰ ਕੇ ਐਂਬੂਲੈਂਸ ਮੰਗਵਾਈ ਪਰ ਉੱਥੋਂ ਵੀ ਉਨ੍ਹਾਂ ਨੂੰ ਐਂਬੂਲੈਂਸ ਨਹੀਂ ਭੇਜੀ ਗਈ। ਔਰਤ ਦੇ ਪਤੀ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਔਰਤ ਨੂੰ ਬਾਈਕ 'ਤੇ ਸੀ.ਐੱਚ.ਸੀ. ਲੈ ਕੇ ਪਹੁੰਚੇ ਤਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲਾਤੇਹਾਰ ਦੇ ਜ਼ਿਲਾ ਹਸਪਤਾਲ ਭੇਜਿਆ ਗਿਆ ਪਰ ਇਸ ਦੌਰਾਨ ਵੀ ਉਨ੍ਹਾਂ ਨੂੰ ਐਂਬੂਲੈਂਸ ਦੀ ਸਹੂਲਤ ਨਹੀਂ ਦਿੱਤੀ ਗਈ। ਉਹ ਔਰਤ ਨੂੰ ਬਾਈਕ 'ਤੇ ਲੈ ਕੇ ਜ਼ਿਲਾ ਹਸਪਤਾਲ ਪਹੁੰਚਿਆ ਅਤੇ ਇੱਥੋਂ ਉਸ ਨੂੰ ਰਿਮਜ਼ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਨੇ ਝਾਰਖੰਡ ਦੀਆਂ ਸਿਹਤ ਸੇਵਾਵਾਂ ਨੂੰ ਕਟਘਰੇ 'ਚ ਖੜ੍ਹਾ ਕਰ ਦਿੱਤਾ ਹੈ। ਸਵਾਲ ਉੱਠ ਰਹੇ ਹਨ ਕਿ ਜਦੋਂ ਗਰਭਵਤੀ ਔਰਤ ਨੂੰ ਬਾਈਕ 'ਤੇ ਹਸਪਤਾਲ ਲੈ ਕੇ ਜਾਣਾ ਪਵੇ ਤਾਂ ਫਿਰ ਐਂਬੂਲੈਂਸ ਕਿਹੜੇ ਕੰਮ ਦੀ ਹੈ।