ਚੱਲਦੀ ਕਾਰ ''ਚ ਲੱਗੀ ਅੱਗ, ਗਰਭਵਤੀ ਔਰਤ ਅਤੇ ਉਸ ਦਾ ਪਤੀ ਜਿਊਂਦੇ ਸੜੇ
Thursday, Feb 02, 2023 - 12:45 PM (IST)
ਤਿਰੁਵਨੰਤਪੁਰਮ (ਵਾਰਤਾ)- ਕੇਰਲ ਦੇ ਕਨੂੰਰ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਚੱਲਦੀ ਕਾਰ 'ਚ ਅਚਾਨਕ ਅੱਗ ਲੱਗਣ ਨਾਲ ਗਰਭਵਤੀ ਔਰਤ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ ਕਰੀਬ 10.40 ਵਜੇ ਕਨੂੰਰ ਫਾਇਰ ਸਟੇਸ਼ਨ ਨੇੜੇ ਵਾਪਰੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਅੱਗੇ ਦੀਆਂ ਸੀਟਾਂ 'ਤੇ ਬੈਠੇ ਜੋੜੇ ਦੀ ਸੜ ਕੇ ਮੌਤ ਹੋ ਗਈ ਜਦੋਂ ਕਿ ਪਿੱਛੇ ਬੈਠੇ ਚਾਰ ਹੋਰ ਲੋਕ ਬਚ ਗਏ।
ਚਮਸ਼ਦੀਦਾਂ ਅਨੁਸਾਰ, ਅੱਗ ਨੇ ਸਭ ਤੋਂ ਪਹਿਲਾਂ ਪ੍ਰੀਜੀਤ ਦੀਆਂ ਲੱਤਾਂ ਨੂੰ ਫੜ ਲਿਆ, ਜੋ ਡਰਾਈਵਿੰਗ ਸੀਟ 'ਤੇ ਸੀ। ਪ੍ਰੀਜੀਤ ਨੇ ਤੇਜ਼ੀ ਨਾਲ ਕਾਰ ਰੋਕੀ ਅਤੇ ਪਿਛਲੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਕਾਰਨ ਪਿੱਛੇ ਬੈਠੇ ਲੋਕ ਕਾਰ 'ਚੋਂ ਬਾਹਰ ਨਿਕਲੇ। ਉੱਥੇ ਹੀ ਅੱਗੇ ਬੈਠੇ ਰੀਸ਼ਾ ਅਤੇ ਪ੍ਰੀਜੀਤ ਦਰਵਾਜ਼ਾ ਖੋਲ੍ਹਣ 'ਚ ਅਸਫ਼ਲ ਰਹੇ। ਜਿਸ ਕਾਰਨ ਦੋਵੇਂ ਅੱਗ ਦੀ ਲਪੇਟ 'ਚ ਆ ਗਏ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਨਿਯਮਿਤ ਜਾਂਚ ਲਈ ਸਥਾਨਕ ਹਸਪਤਾਲ ਜਾ ਰਹੇ ਸਨ। ਕਨੂੰਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਅਸੀਂ ਫੋਰੈਂਸਿਕ ਮਾਹਿਰਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ, ਜੋ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਲਗਾਉਣ 'ਚ ਸਮਰੱਥ ਹੋਣਗੇ। ਸਾਰੇ ਪਹਿਲੂਆਂ ਨਾਲ ਜਾਂਚ ਕੀਤੀ ਜਾਵੇਗੀ।''