ਪ੍ਰਮੋਦ ਸਾਵੰਤ ਸੋਮਵਾਰ ਨੂੰ ਗੋਆ ਦੇ ਮੁੱਖ ਮੰਤਰੀ ਵਜੋਂ ਚੁਕਣਗੇ ਸਹੁੰ, ਸਮਾਰੋਹ ''ਚ ਸ਼ਾਮਲ ਹੋਣਗੇ PM ਮੋਦੀ

03/27/2022 1:06:20 PM

ਪਣਜੀ (ਭਾਸ਼ਾ)- ਹਾਲ ਹੀ 'ਚ ਸੰਪੰਨ ਹੋਈਆਂ ਗੋਆ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ 20 ਸੀਟਾਂ ਜਿੱਤਣ ਵਾਲੇ ਤਿੰਨ ਵਾਰ ਵਿਧਾਇਕ ਰਹੇ ਪ੍ਰਮੋਦ ਸਾਵੰਤ ਸੋਮਵਾਰ ਨੂੰ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਕ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਪ੍ਰਮੋਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਦਿੱਗਜਾਂ ਦੀ ਮੌਜੂਦਗੀ ਵਿਚ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਇੱਥੇ ਨੇੜਲੇ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ 'ਚ ਸਵੇਰੇ 11 ਵਜੇ ਹੋਵੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹਿਣਗੇ। ਸਟੇਡੀਅਮ 'ਚ ਹੋਣ ਵਾਲੇ ਸਮਾਗਮ 'ਚ 10,000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਸਹੁੰ ਚੁੱਕ ਸਮਾਗਮ ਦਾ ਪ੍ਰਸਾਰਣ ਰਾਜ ਵਿਚ ਵੱਖ-ਵੱਖ ਨਿਊਜ਼ ਚੈਨਲਾਂ ਰਾਹੀਂ ਵੀ ਕੀਤਾ ਜਾਵੇਗਾ। ਹਾਲਾਂਕਿ, ਸੋਮਵਾਰ ਨੂੰ ਸਹੁੰ ਚੁੱਕਣ ਵਾਲੇ ਹੋਰ ਕੈਬਨਿਟ ਮੰਤਰੀਆਂ ਦੀ ਗਿਣਤੀ 'ਤੇ ਭਾਜਪਾ ਨੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ। ਸੰਪਰਕ ਕਰਨ 'ਤੇ ਸਾਵੰਤ ਨੇ ਐਤਵਾਰ ਸਵੇਰੇ ਕਿਹਾ,"ਤੁਹਾਨੂੰ ਕੱਲ੍ਹ ਇਸ ਬਾਰੇ ਪਤਾ ਲੱਗ ਜਾਵੇਗਾ। ਫਿਲਹਾਲ, ਮੈਨੂੰ ਨਹੀਂ ਪਤਾ ਕਿ ਕਿੰਨੇ ਮੰਤਰੀ ਸਹੁੰ ਚੁੱਕਣਗੇ।” ਮੁੱਖ ਮੰਤਰੀ ਤੋਂ ਇਲਾਵਾ ਗੋਆ ਮੰਤਰੀ ਮੰਡਲ ਵਿਚ 11 ਹੋਰ ਮੰਤਰੀ ਹੋ ਸਕਦੇ ਹਨ। ਇਹ ਦੂਜੀ ਵਾਰ ਹੋਵੇਗਾ ਜਦੋਂ ਗੋਆ ਦੇ ਮੁੱਖ ਮੰਤਰੀ ਰਾਜ ਭਵਨ ਕੰਪਲੈਕਸ ਦੇ ਬਾਹਰ ਸਹੁੰ ਚੁੱਕਣਗੇ।

ਜਦੋਂ 2012 'ਚ ਰਾਜ ਦੀ ਰਾਜਧਾਨੀ ਪਣਜੀ ਦੇ ਕੈਂਪਲ ਮੈਦਾਨ 'ਚ ਮਨੋਹਰ ਪਾਰੀਕਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਸ ਸਮੇਂ ਭਾਜਪਾ ਸਦਨ ​​'ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਰਾਜਪਾਲ ਪੀ.ਐਸ. ਸ਼੍ਰੀਧਰਨ ਪਿੱਲਈ ਨੇ 29 ਮਾਰਚ ਤੋਂ ਨਵੀਂ ਵਿਧਾਨ ਸਭਾ ਦਾ ਦੋ ਦਿਨਾਂ ਸੈਸ਼ਨ ਬੁਲਾਇਆ ਹੈ, ਜਿਸ ਦੌਰਾਨ ਸਾਵੰਤ ਨੂੰ ਭਰੋਸੇ ਦੀ ਵੋਟ ਮੰਗਣੀ ਪਵੇਗੀ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਨਵੇਂ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ, ਜਿਸ ਤੋਂ ਬਿੱਲ ਪਾਸ ਕਰਨ ਅਤੇ ਲੇਖਾ-ਜੋਖਾ ਸਮੇਤ ਕਈ ਵਿਧਾਨਕ ਕਾਰਜ ਕੀਤੇ ਜਾਣ ਦੀ ਉਮੀਦ ਹੈ। ਜਿੱਥੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਵਿਧਾਇਕ ਅਲੈਕਸੋ ਸਿਕਵੇਰਾ ਨੂੰ ਪ੍ਰਧਾਨ ਅਹੁਦੇ ਲਈ ਨਾਮਜ਼ਦ ਕੀਤਾ ਹੈ, ਉਥੇ ਭਾਜਪਾ ਵੱਲੋਂ ਐਤਵਾਰ ਨੂੰ ਆਪਣੇ ਉਮੀਦਵਾਰ ਦਾ ਐਲਾਨ ਕਰਨ ਦੀ ਉਮੀਦ ਹੈ। ਹਾਲ ਹੀ 'ਚ ਸਮਾਪਤ ਹੋਈਆਂ ਰਾਜ ਦੀਆਂ ਚੋਣਾਂ ਵਿਚ, ਭਾਜਪਾ ਨੇ 20 ਸੀਟਾਂ ਜਿੱਤੀਆਂ, ਜੋ ਕਿ 40 ਮੈਂਬਰੀ ਸਦਨ ਵਿਚ ਬਹੁਮਤ ਤੋਂ ਇਕ ਘੱਟ ਹੈ। ਤਿੰਨ ਆਜ਼ਾਦ ਵਿਧਾਇਕਾਂ ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ.ਜੀ.ਪੀ.) ਦੇ ਦੋ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ। ਸਾਵੰਤ (48) ਉੱਤਰੀ ਗੋਆ ਦੇ ਸਾਂਖਾਲਿਮ ਤੋਂ ਵਿਧਾਇਕ ਹਨ। 2017 'ਚ ਜਦੋਂ ਭਾਜਪਾ ਨੇ ਮਨੋਹਰ ਪਾਰੀਕਰ ਦੀ ਅਗਵਾਈ 'ਚ ਆਪਣੀ ਸਰਕਾਰ ਬਣਾਈ ਤਾਂ ਉਹ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ। ਉਨ੍ਹਾਂ ਨੇ ਪਾਰੀਕਰ ਦੀ ਮੌਤ ਤੋਂ ਬਾਅਦ ਮਾਰਚ 2019 'ਚ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।


DIsha

Content Editor

Related News