ਕੁਮਾਰ ਵਿਸ਼ਵਾਸ ਦੇ ਖਿਲਾਫ ਲੱਗੇ ਪੋਸਟਰ, ਲਿਖਿਆ- ਭਾਜਪਾ ਦਾ ਯਾਰ ਹੈ ਕਵੀ ਨਹੀਂ ਗੱਦਾਰ ਹੈ
Saturday, Jun 17, 2017 - 11:03 AM (IST)

ਨਵੀਂ ਦਿੱਲੀ— ਦਿੱਲੀ 'ਚ ਆਮ ਆਦਮੀ ਪਾਰਟੀ ਦਫ਼ਤਰ ਦੇ ਬਾਹਰ ਕੁਮਾਰ ਵਿਸ਼ਵਾਸ ਦੇ ਖਿਲਾਫ ਪੋਸਟਰ ਲਾਏ ਗਏ ਹਨ, ਜਿਸ 'ਚ ਕੁਮਾਰ ਵਿਸ਼ਵਾਸ ਗੱਦਾਰ, ਧੋਖੇਬਾਜ਼ ਦੱਸ ਕੇ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਗਈ ਹੈ। ਪੋਸਟਰ 'ਚ ਲਿਖਿਆ ਹੈ 'ਭਾਜਪਾ ਦਾ ਯਾਰ ਹੈ, ਕਵੀ ਨਹੀਂ ਗੱਦਾਰ ਹੈ, ਅਜਿਹੇ 'ਚ ਧੋਖੇਬਾਜ਼ਾਂ ਨੂੰ ਬਾਹਰ ਕਰੋ, ਬਾਹਰ ਕਰੋ'। ਨਾਲ ਹੀ ਇਸ 'ਚ ਕੁਮਾਰ ਵਿਸ਼ਵਾਸ ਦਾ ਕਾਲਾ ਸੱਚ ਦੱਸਣ ਲਈ ਭਾਈ ਦਿਲੀਪ ਪਾਂਡੇ ਦਾ ਆਭਾਰ ਵੀ ਜ਼ਾਹਰ ਕੀਤਾ ਗਿਆ ਹੈ, ਹਾਲਾਂਕਿ ਇਸ ਪੋਸਟਰ ਨੂੰ ਕਿਸ ਨੇ ਜਾਰੀ ਕੀਤਾ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਅੱਜ-ਕੱਲ 'ਆਪ' ਨੇਤਾ ਕੁਮਾਰ ਵਿਸ਼ਵਾਸ ਅਤੇ ਪਾਰਟੀ ਨੇਤਾਵਾਂ 'ਚ ਨਾਰਾਜ਼ਗੀ ਦੀਆਂ ਖਬਰਾਂ ਹਨ। ਹਾਲ ਹੀ 'ਚ ਪਾਰਟੀ ਨੇਤਾ ਦਿਲੀਪ ਪਾਂਡੇ ਨੇ ਕੁਮਾਰ ਵਿਸ਼ਵਾਸ ਦੇ ਉਸ ਬਿਆਨ 'ਤੇ ਜਨਤਕ ਰੂਪ ਨਾਲ ਸਫਾਈ ਮੰਗ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਰਾਜਸਥਾਨ 'ਚ ਵਸੁੰਧਰਾ ਰਾਜੇ 'ਤੇ ਨਿੱਜੀ ਹਮਲੇ ਨਹੀਂ ਕਰਾਂਗੇ ਸਗੋਂ ਉਨ੍ਹਾਂ ਦੀ ਸਰਕਾਰ 'ਤੇ ਕਰਾਂਗੇ। ਇਸ 'ਤੇ ਦਿਲੀਪ ਪਾਂਡੇ ਨੇ ਟਵੀਟ ਕਰ ਕੇ ਪੁੱਛਿਆ ਸੀ,'' ਭਈਆ ਤੁਸੀਂ ਕਾਂਗਰਸੀਆਂ ਨੂੰ ਖੂਬ ਗਾਲ੍ਹਾਂ ਕੱਢਦੇ ਹੋ ਪਰ ਕਹਿੰਦੇ ਹੋ ਕਿ ਰਾਜਸਥਾਨ 'ਚ ਵਸੁੰਧਰਾ ਦੇ ਖਿਲਾਫ ਨਹੀਂ ਬੋਲੋਗੇ। ਅਜਿਹਾ ਕਿਉਂ?'' ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਪੋਸਟਰ ਦੇ ਪਿੱਛੇ ਕਿਸੇ ਦੀ ਸਾਜਿਸ਼ ਜਾਂ ਸ਼ਰਾਰਤ ਹੋ ਸਕਦੀ ਹੈ, ਕਿਉਂਕਿ ਪਾਰਟੀ ਦੇ ਅੰਦਰ ਨਾਰਾਜ਼ਗੀ ਆਪਣੀ ਜਗ੍ਹਾ ਹੈ ਪਰ ਅੱਜ ਤੱਕ ਕੋਈ ਨੇਤਾ ਆਫ ਦਿ ਰਿਕਾਰਡ ਵੀ ਕੁਮਾਰ ਵਿਸ਼ਵਾਸ ਬਾਰੇ ਅਜਿਹੀਆਂ ਗੱਲਾਂ ਨਹੀਂ ਬੋਲਦਾ ਹੈ, ਜਿਵੇਂ ਇਸ ਪੋਸਟਰ 'ਚ ਲਿਖਿਆ ਹੈ।