#SaalBhar60 : 12 ਸਾਲਾ ਬੱਚੀ ਨੇ ਆਬੋ-ਹਵਾ ਨੂੰ ਬਚਾਉਣ ਲਈ ਮੋਦੀ ਨੂੰ ਲਿਖਿਆ ਪੱਤਰ
Monday, Sep 07, 2020 - 06:17 PM (IST)
ਹਰਪ੍ਰੀਤ ਸਿੰਘ ਕਾਹਲੋਂ
ਪ੍ਰਦੂਸ਼ਣ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ ਅੱਜ ਹਰੇਕ ਦੇਸ਼ ਦਾ ਇਕ ਵੱਡਾ ਮੁੱਦਾ ਬਣ ਗਿਆ ਹੈ। ਮੌਸਮ ਵਿੱਚ ਤਬਦੀਲੀ ਆਉਣ ਕਾਰਨ ਨਾ ਸਿਰਫ ਵਾਤਾਵਰਣ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਇਹ ਸਿਹਤ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਦਾ ਜ਼ਿਆਦਾ ਪ੍ਰਭਾਵ ਖ਼ਾਸਕਰ ਬੱਚਿਆਂ ਅਤੇ ਬਜ਼ੁਰਗਾਂ ’ਤੇ ਪੈਦਾ ਦਿਖਾਈ ਦੇ ਰਿਹਾ ਹੈ। ਇਸ ਪ੍ਰਭਾਵ ਨੂੰ ਜੇਕਰ ਸਮੇਂ ’ਤੇ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਾਤਾਵਰਣ ਨੂੰ ਸਾਫ-ਸੁਥਰਾ ਕਰਨ ਲਈ ਹਾਲਾਂਕਿ ਸਰਕਾਰ ਵਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ, ਜਿਸ ਦਾ ਅਸਰ ਕਿਤੇ ਵੀ ਦਿਖਾਈ ਨਹੀ ਦੇ ਰਿਹਾ। ਇਸ ਲਈ ਹੁਣ ਇਕ 12 ਸਾਲ ਦੀ ਬੱਚੀ ਨੇ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਜ਼ਿੰਮੇਵਾਰੀ ਲਈ ਹੈ। ਹਰਿਦੁਆਰ, ਉਤਰਾਖੰਡ ’ਚ ਰਹਿਣ ਵਾਲੀ ਰਿਧੀਮਾ ਪਾਂਡੇ, 9 ਜਮਾਤ ਦੀ ਸਿੱਖਿਆਰਥੀ ਹੈ। ਰਿਧੀਮਾ ਦੇ ਪਿਤਾ ਵਾਇਲਡ ਲਾਈਫ ਟ੍ਰਸਟ ਆਫ ਇੰਡੀਆਂ ਦੇ ਕਾਰਕੁੰਨ ਹਨ। ਰਿਧੀਮਾ ਦਾ ਕਹਿਣਾ ਹੈ ਕਿ ਉਹ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਰੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੁੰਦੀ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਰਿਧੀਮਾ ਪਾਂਡੇ ਵਲੋਂ ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ। ਇਸ ਪੱਤਰ ਵਿਚ ਰਿਧੀਮਾ ਪਾਂਡੇ ਨੇ ਲਿਖਿਆ ਕਿ ‘‘ਪ੍ਰਦੂਸ਼ਣ ਨਾ ਸਿਰਫ ਵਾਤਾਵਰਣ ਨੂੰ, ਸਗੋਂ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਉਸਨੇ ਕਿਹਾ ਕਿ ਜਦੋਂ ਮੈਂ ਦਿੱਲੀ ਗਈ ਸੀ, ਤਾਂ ਉਥੇ ਮੈਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ। ਉਥੇ ਰਹਿਣ ਵਾਲੇ ਬੱਚੇ ਮੇਰੇ ਤੋਂ ਛੋਟੇ ਹਨ, ਉਨ੍ਹਾਂ ਨੂੰ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਲਾਬੰਦੀ ਤੋਂ ਪਹਿਲਾਂ, ਸਾਨੂੰ ਇੰਝ ਲਗਦਾ ਸੀ ਕਿ ਪ੍ਰਦੂਸ਼ਣ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਘੱਟ ਹੋਣ ਦੀ ਥਾਂ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪਰ ਤਾਲਾਬੰਦੀ ਨੇ ਸਾਡੀ ਸੋਚ ਨੂੰ ਗਲਤ ਸਾਬਤ ਕਰ ਦਿੱਤਾ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜੇਕਰ ਸਰਕਾਰ ਵੱਲੋਂ ਸਖਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਆਕਸੀਜਨ ਸੈਲੰਡਰ ਵੀ ਜ਼ਰੂਰੀ ਚੀਜ਼ਾਂ ਵਿਚੋਂ ਇਕ ਬਣ ਜਾਣਗੇ।
My name is Ridhima Pandey. I am a 12-year old student living in Haridwar, Uttarakhand. On International Day for Clean Air and Blue Skies, I have written to our Prime Minister demanding clean Air for all. pic.twitter.com/j0SsHj6v6R
— Ridhima pandey (@ridhimapandey7) September 7, 2020
2017 ਵਿੱਚ ਦਾਇਰ ਕੀਤੀ ਸੀ ਜਨਹਿੱਤ ਪਟੀਸ਼ਨ
ਆਲਮੀ ਤਪਸ਼, ਪ੍ਰਦੂਸ਼ਿਤ ਆਬੋ-ਹਵਾ, ਬਦਲ ਰਿਹਾ ਵਾਤਾਵਰਨ ਜਿਹੇ ਮੁੱਦਿਆਂ ਨੂੰ ਲੈ ਕੇ ਰਿਧੀਮਾ 2017 ਤੋਂ ਸਰਗਰਮ ਹੈ। ਰਿਧਿਮਾ ਨੇ 2017 ਵਿੱਚ ਭਾਰਤੀ ਸਰਕਾਰ ਖਿਲਾਫ਼ ਵਾਤਾਵਰਨ ਦੀ ਸੁਰੱਖਿਆ ਦੌਰਾਨ ਕੀਤੀਆਂ ਅਣਗਹਿਲੀਆਂ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਾਂਡੇ ਬਨਾਮ ਭਾਰਤ ਸਰਕਾਰ ਨਾਮ ਦੀ ਇਸ ਪਟੀਸ਼ਨ ਦੌਰਾਨ ਰਿਧੀਮਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਾਤਾਵਰਣ ਦੀਆਂ ਫ਼ਿਕਰਾਂ ਨਹੀਂ ਕਰ ਰਿਹਾ। ਰਿਧੀਮਾ ਕਹਿੰਦੀ ਹੈ ਕਿ ਅਸੀਂ ਇਸ ਦਾ ਨੁਕਸਾਨ 2013 ਵਿੱਚ ਕੇਦਾਰਨਾਥ ਵਿਖੇ ਭੁਗਤ ਚੁੱਕੇ ਹਾਂ। ਇਹ ਕੇਦਾਰਨਾਥ ਦੀ ਕੁਦਰਤੀ ਆਬੋ-ਹਵਾ ਨਾਲ ਛੇੜਛਾੜ ਹੀ ਸੀ ਉਸ ਸਮੇਂ 5000 ਤੋਂ ਵੱਧ ਮੌਤਾਂ ਹੋਈਆਂ ਅਤੇ 4000 ਪਿੰਡ ਉੱਜੜ ਗਏ। ਉਸ ਵੇਲੇ ਆਏ ਹੜ੍ਹਾਂ ਦੇ ਨੁਕਸਾਨ ਵਿੱਚ ਅਸੀਂ ਮੁੜ ਵਸੇਬੇ ਲਈ ਸਾਲ-ਦਰ-ਸਾਲ ਮੁਸ਼ੱਕਤ ਕੀਤੀ ਹੈ।
ਰਿਧੀਮਾ 2019 ਦੇ ਸਤੰਬਰ ਮਹੀਨੇ ਵਿੱਚ ਸੰਯੁਕਤ ਰਾਸ਼ਟਰ ਦੀ ਜੀ-20 ਬੈਠਕ ਵਿੱਚ 16 ਬੱਚਿਆਂ ਦੀ ਮਨੁੱਖੀ ਅਧਿਕਾਰਾਂ ਦੀ ਕਮੇਟੀ ਦਾ ਹਿੱਸਾ ਵੀ ਰਹੀ ਹੈ। ਯੁਨਾਈਟਿਡ ਨੇਸ਼ਨ ਕਲਾਈਮੇਟ ਐਕਸ਼ਨ ਕਮੇਟੀ ਤਹਿਤ ਨੇਸ਼ਨ ਕਹਿੰਦਾ ਹੈ ਕਿ ਬੱਚਿਆਂ ਦਾ ਸਾਫ਼ ਆਬੋ ਹਵਾ ਵਿੱਚ ਸਾਹ ਲੈਣ ਦਾ ਜ਼ਰੂਰੀ ਹੱਕ ਹੈ। ਬੱਚਿਆਂ ਦੇ ਸਾਫ਼ ਹਵਾ ਦੇ ਇਸ ਦਸਤਾਵੇਜ਼ 'ਤੇ ਅਰਜਨਟਾਈਨਾ, ਬ੍ਰਾਜ਼ੀਲ, ਜਰਮਨੀ, ਤੁਰਕੀ, ਫ਼ਰਾਂਸ ਨੇ ਦਸਤਖ਼ਤ ਕੀਤੇ ਹਨ।
#saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ