ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ ! ਕਿਤੇ ਪੈ ਨਾ ਜਾਣ ''ਲੈਣੇ ਦੇ ਦੇਣੇ''
Monday, Apr 07, 2025 - 01:26 PM (IST)

ਜਲੰਧਰ- ਅਕਸਰ ਹੀ ਕੁਝ ਲੋਕ ਛੋਟੀ-ਮੋਟੀ ਬਿਮਾਰੀ ਤੇ ਸਿਹਤ ਸਮੱਸਿਆ ਲਈ ਡਾਕਟਰ ਕੋਲ ਜਾਣ ਦੀ ਬਜਾਏ ਸੋਸ਼ਲ ਮੀਡੀਆ 'ਤੇ ਦਿਖਣ ਵਾਲੇ ਘਰੇਲੂ ਨੁਸਖੇ ਅਪਣਾਉਣ ਲਗਦੇ ਹਨ ਤੇ ਆਪਣੀ ਮਰਜ਼ੀ ਨਾਲ ਹੀ ਦਵਾਈਆਂ ਖਾਣ ਲੱਗ ਪੈਂਦੇ ਹਨ, ਜਿਨ੍ਹਾਂ ਨਾਲ ਕਈ ਵਾਰ ਤਾਂ ਰਾਹਤ ਵੀ ਮਿਲ ਜਾਂਦੀ ਹੈ, ਜਦਕਿ ਕਈ ਵਾਰ ਤਾਂ ਉਨ੍ਹਾਂ ਨੂੰ ਹੋਰ ਜ਼ਿਆਦਾ ਤਕਲੀਫ਼ ਝੱਲਣੀ ਪੈ ਜਾਂਦੀ ਹੈ।
ਅਜਿਹੇ ਲੋਕਾਂ 'ਚ ਸਭ ਤੋਂ ਜ਼ਿਆਦਾ ਲੋਕ ਡਾਈਬਟੀਜ਼, ਬਲੱਡ ਪ੍ਰੈਸ਼ਰ ਤੇ ਚਮੜੀ ਦੇ ਰੋਗਾਂ ਤੋਂ ਪੀੜਤ ਹੁੰਦੇ ਹਨ। ਇਹ ਲੋਕ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਹੀ ਘਰੇਲੂ ਨੁਸਖੇ ਅਪਣਾ ਕੇ ਆਪਣਾ ਇਲਾਜ ਕਰਨ ਲੱਗ ਪੈਂਦੇ ਹਨ, ਜਿਨ੍ਹਾਂ ਦਾ ਇਨ੍ਹਾਂ ਨੂੰ ਬਾਅਦ 'ਚ ਨੁਕਸਾਨ ਝੱਲਣਾ ਪੈਂਦਾ ਹੈ, ਜਿਵੇਂ ਅਲਰਜੀ, ਪਾਚਨ ਸਬੰਧੀ ਸਮੱਸਿਆ ਤੇ ਕਿਡਨੀ ਸਬੰਧੀ ਸਮੱਸਿਆ ਆਦਿ।
ਇਹ ਲੋਕ ਡਾਕਟਰਾਂ ਕੋਲ ਵੀ ਸਿਰਫ਼ ਉਦੋਂ ਪਹੁੰਚਦੇ ਹਨ, ਜਦੋਂ ਇਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਇਸ ਗੱਲ ਦੀ ਪੁਸ਼ਟੀ ਡਾਕਟਰ ਵੀ ਕਰਦੇ ਹਨ ਕਿ ਉਨ੍ਹਾਂ ਕੋਲ ਆਉਣ ਵਾਲੇ 30-50 ਫ਼ੀਸਦੀ ਮਰੀਜ਼ ਅਜਿਹੇ ਹੁੰਦੇ ਹਨ, ਜੋ ਸੋਸ਼ਲ ਮੀਡੀਆ 'ਤੇ ਮਿਲਣ ਵਾਲੇ ਦੇਸੀ ਇਲਾਜ ਅਪਣਾ ਕੇ ਆਪਣੀ ਹਾਲਤ ਖ਼ਰਾਬ ਕਰ ਲੈਂਦੇ ਹਨ ਤੇ ਫ਼ਿਰ ਉਨ੍ਹਾਂ ਕੋਲ ਪਹੁੰਚਦੇ ਹਨ।
ਇਸ ਮਾਮਲੇ 'ਚ ਮਾਹਿਰ ਦੱਸਦੇ ਹਨ ਕਿ ਜੇਕਰ ਕਿਸੇ ਨੂੰ ਸਿਹਤ ਸਬੰਧੀ ਕੋਈ ਵੀ ਤਕਲੀਫ਼ ਹੁੰਦੀ ਹੈ ਤਾਂ ਉਨ੍ਹਾਂ ਨੂੰ ਇੱਧਰ-ਉੱਧਰ ਨਾ ਜਾ ਕੇ ਤੇ ਦੇਸੀ ਨੁਸਖ਼ਿਆਂ 'ਤੇ ਨਿਰਭਰ ਨਾ ਕਰ ਕੇ ਸਿੱਧਾ ਮਾਹਿਰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਆਰਾਮ ਦੀ ਥਾਂ ਜ਼ਿਆਦਾ ਤਕਲੀਫ਼ ਨਾ ਝੱਲਣੀ ਪਵੇ।
ਦੇਸੀ ਇਲਾਜ ਬਾਰੇ ਦੱਸਦਿਆਂ ਉਨ੍ਹਾਂ ਦੱਸਿਆ ਕਿ ਹਰੇਕ ਇਨਸਾਨ ਦੀ ਆਪਣੀ ਵੱਖਰੀ ਤਾਸੀਰ ਹੁੰਦੀ ਹੈ, ਇਸੇ ਤਰ੍ਹਾਂ ਉਨ੍ਹਾਂ 'ਤੇ ਹਰੇਕ ਚੀਜ਼ ਦਾ ਅਸਰ ਵੀ ਅਲੱਗ-ਅਲੱਗ ਹੁੰਦਾ ਹੈ। ਇਸ ਕਾਰਨ ਉਨ੍ਹਾਂ ਨੂੰ ਕਿਸੇ ਹੋਰ ਦੇ ਅਜ਼ਮਾਏ ਹੋਏ ਘਰੇਲੂ ਨੁਸਖ਼ੇ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਤੋਂ ਨਿਜ਼ਾਦ ਪਾਉਣ ਲਈ ਡਾਕਟਰ ਦੀ ਸਲਾਹ ਨਾਲ ਹੀ ਕੋਈ ਦਵਾਈ ਖਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e