1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
Saturday, Aug 23, 2025 - 01:23 PM (IST)

'ਮੇਰੀ ਬਰਾਤ ਬਾਰ ਦੇ 93 ਚੱਕ ਨਕੋਦਰ ਵਿੱਚ ਢੁਕੀ'
"ਮੇਰਾ ਪੇਕਾ ਜੱਦੀ ਪਿੰਡ ਇਧਰ ਲਿੱਤਰਾਂ-ਨਕੋਦਰ ਹੈ। ਰਤਨ ਸਿੰਘ ਹੇਅਰ ਮੇਰਾ ਬਾਪ ਅਤੇ ਮਾਤਾ ਗੰਗੀ ਹੋਈ। ਮੇਰੀ ਇੱਕ ਭੈਣ ਗੁਰਦੀਪ ਕੌਰ ਅਤੇ ਇਕ ਭਰਾ ਬਖਸ਼ੀਸ਼ ਸਿੰਘ। ਮੇਰੇ ਨਾਨਕੇ ਨਕੋਦਰ ਹੀ ਸਨ। ਸੋਹਣ ਸਿੰਘ ਮੇਰਾ ਮਾਮਾ ਹੋਇਆ। ਜਿਨ੍ਹਾਂ ਨਕੋਦਰੀਆਂ ਨੇ ਸਾਂਦਲ ਬਾਰ ਦੇ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂ ਵਾਲਾ ਵਿੱਚ 93 ਚੱਕ ਨਕੋਦਰ ਆਬਾਦ ਕੀਤਾ, ਉਨ੍ਹਾਂ ਵਿਚ ਮੇਰੇ ਨਾਨਾ ਜੀ ਵੀ ਸ਼ਾਮਲ ਸਨ ਪਰ ਹੁਣ ਮੈਨੂੰ ਉਨ੍ਹਾਂ ਦਾ ਨਾਮ ਯਾਦ ਨਹੀਂ।
ਉਦੋਂ ਪੁਰਾਣੇ ਸਮਿਆਂ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਕੋਈ ਨਾ ਸੀ। ਇਕ ਭਜਨੀਕ ਪੁਰਸ਼ ਸ.ਬਾਵਾ ਸਿੰਘ ਹੇਅਰ ਨੇ ਹਿੰਮਤ ਕਰਕੇ ਲਿੱਤਰਾਂ ਵਿਚ ਲੜਕੀਆਂ ਦਾ ਵੱਖਰਾ ਪ੍ਰਾਇਮਰੀ ਸਕੂਲ ਖੁਲਵਾ ਦਿੱਤਾ। ਸਰਦੇ ਜਾਂ ਜਗਿਆਸੂ ਘਰਾਂ ਦੀਆਂ ਕੁੜੀਆਂ ਹੀ ਵਿਰਲੀਆਂ ਵਾਂਝੀਆਂ ਪੜ੍ਹਦੀਆਂ। ਮੁਸਲਿਮ ਆਪਣੀਆਂ ਕੁੜੀਆਂ ਨੂੰ ਤਾਂ ਉਕਾ ਹੀ ਨਾ ਪੜ੍ਹਾਉਂਦੇ।
ਮੈਂ ਅਤੇ ਮੇਰਾ ਭਰਾ ਬਖਸ਼ੀਸ਼ ਸਿੰਘ ਇਧਰ ਲਿੱਤਰਾਂ ਵਿਚੋਂ ਪ੍ਰਾਇਮਰੀ ਸਕੂਲ ਪਾਸ ਕਰਕੇ 1937 ਵਿੱਚ ਬਾਰ ਦੇ ਆਪਣੇ ਨਾਨਕੇ ਪਿੰਡ,93 ਨਕੋਦਰ ਨਾਨਕਿਆਂ ਪਾਸ ਚਲੇ ਗਏ। ਉਨ੍ਹਾਂ ਨਾਲ਼ ਖੇਤੀਬਾੜੀ ਅਤੇ ਲਾਣਾ ਸਾਂਭਣ ਵਿੱਚ ਹੱਥ ਵਟਾਉਂਦੇ ਰਹੇ।
ਖੇਤੀਬਾੜੀ : ਮੇਰੇ ਨਾਨਕਿਆਂ ਦੀ ਇੱਕ ਮੁਰੱਬੇ ਦੀ ਖੇਤੀ ਸੀ। ਫ਼ਸਲਾਂ ਅਕਸਰ ਨਰਮਾ, ਕਪਾਹ, ਕਣਕ, ਮੱਕੀ, ਸਰੋਂ ਵਗੈਰਾ ਹੀ ਬੀਜਦੇ। ਵੱਡੇ ਪਰਿਵਾਰ ਹੁੰਦੇ ਸਨ ਉਦੋਂ। ਸਾਰਾ ਪਰਿਵਾਰ ਮਿਲ਼ ਕੇ ਹੱਥੀਂ ਕੰਮ ਕਰਦਾ। ਕੰਮ ਦੇ ਜ਼ੋਰ ਵੇਲੇ ਪਿੰਡੋਂ ਦਿਹਾੜੀਦਾਰ ਕਾਮੇ ਲੈ ਜਾਂਦੇ। ਵੱਡੇ, ਜਿਣਸ ਗੱਡਿਆਂ ਤੇ ਲੱਦ ਕੇ ਜੜ੍ਹਾਂ ਵਾਲਾ ਮੰਡੀ ਵੇਚ ਆਉਂਦੇ। ਕਈ ਵਾਰ ਛੋਟੇ ਵਪਾਰੀ ਘਰਾਂ ਵਿੱਚੋਂ ਹੀ ਜਿਣਸ ਲੈ ਜਾਂਦੇ। ਗੋਗੇਰਾ ਬਰਾਂਚ ਨਹਿਰ ਖੇਤਾਂ ਨੂੰ ਸਿੰਜਦੀ। ਵਿਹਲਿਆਂ ਮੌਕੇ ਪਿੰਡ ਦੁਆਲੇ ਛੱਡੀਆਂ ਢਾਬਾਂ ਛਪੜੀਆਂ ਨੂੰ ਵੀ ਨਹਿਰੀ ਪਾਣੀ ਨਾਲ ਭਰ ਲਿਆ ਜਾਂਦਾ। ਜਿਥੋਂ ਪਸ਼ੂਆਂ ਦੇ ਨ੍ਹਾਉਣ ਧੋਣ ਦੀਆਂ ਲੋੜਾਂ ਪੂਰੀਆਂ ਹੁੰਦੀਆਂ।
ਵਸੇਬ : ਜੱਟ ਸਿੱਖਾਂ ਦੀ ਗਿਣਤੀ ਬਹੁਤੀ ਸੀ। ਆਦਿ ਧਰਮੀਆਂ ਦੇ ਵੀ ਕੁੱਝ ਘਰ ਸਨ, ਸੋ ਦਿਹਾੜੀ ਲੱਪਾ ਜਾਂ ਜਿੰਮੀਦਾਰਾਂ ਨਾਲ਼ ਸੀਰੀ ਪੁਣਾ ਕਰਦੇ। 5-7 ਘਰ ਭਰਾਈ, ਤੇਲੀ, ਫ਼ਕੀਰ ਅਤੇ ਲੁਹਾਰ ਮੁਸਲਿਮ ਭਾਈਚਾਰੇ ਦੇ ਸਨ। ਸਾਲ੍ਹੋ ਭਰਾਈ, ਫ਼ਰੀਦ ਬਖ਼ਸ਼ ਅਤੇ ਉਹਦਾ ਮੁੰਡਾ ਕਾਦਰ ਬਖ਼ਸ਼, ਜੋ ਫ਼ੌਜ ਵਿਚ ਨੌਕਰ ਹੁੰਦਾ, ਵੀ ਮੁਹੱਬਤੀ ਮੁਸਲਿਮ ਸਨ। (ਪਰ ਅਫ਼ਸੋਸ ਕਿ ਇਸੇ ਕਾਦਰ ਬਖ਼ਸ਼ ਦਾ ਰੰਗ ਰੌਲਿਆਂ ਵੇਲੇ ਸਫ਼ੈਦ ਹੋ ਗਿਆ। ਸਿੱਖਾਂ ਪਿੰਡ ਛੱਡਿਆ ਤਾਂ ਇਹ ਫ਼ੌਜੀ ਟਰੱਕ ਲੈ ਕੇ ਪਿੰਡ ਆਇਆ। ਸਿੱਖਾਂ ਨੂੰ ਗਾਲ਼ਾਂ ਕੱਢਦਾ, ਗੋਲੀ ਮਾਰਨ ਲਈ ਆਪਣੇ ਸਾਥੀਆਂ ਨੂੰ ਉਕਸਾਉਂਦਾ। ਇਸਦੀ ਤਸਦੀਕ ਜਥੇਦਾਰ ਤਰਲੋਕ ਸਿੰਘ ਜੌਹਲ ਨੇ ਕੀਤੀ ਜਦ ਉਹ ਪਿੰਡ ਛੱਡਣ ਉਪਰੰਤ ਸ਼ਾਮ ਨੂੰ ਆਪਣੇ ਘਰਾਂ ਚੋਂ ਭਾਂਡੇ ਚੁੱਕਣ ਗਇਆਂ ਨੇ ਭੱਜ ਕੇ ਜਾਨ ਬਚਾਈ।) ਸਾਰਿਆਂ ਨਾਲ ਪ੍ਰੇਮ ਪਿਆਰ ਸੀ। ਸੁੱਕੀ ਚੀਜ਼ ਇਕ ਦੂਜੇ ਤੋਂ ਮੰਗ ਲੈਂਦੇ ਪਰ ਉਂਜ ਇਕ ਦੂਜੇ ਦੇ ਘਰ ਦੀ ਬਣੀ ਚੀਜ਼ ਨਾ ਖਾਂਦੇ। ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ। ਹੱਲਿਆਂ ਤੱਕ ਕਦੇ ਵੀ ਮੱਜ੍ਹਬੀ ਤੁਅੱਸਬ ਭਾਰੂ ਨਾ ਡਿੱਠਾ।
ਗੁਆਂਢੀ ਪਿੰਡ:94 ਸ਼ੰਕਰ ਦਾਊਆਣਾ,95 ਜਮਸੇਰ,
96 ਸਰੀਂਹ,97 ਕੰਗ ਮਰਾਜ, 98 ਰੁੜਕਾ ਅਤੇ 99 ਚੱਕ ਪੱਕਾ ਜੰਡਿਆਲਾ ਗੁਆਂਢੀ ਪਿੰਡ ਸੁਣੀਂਦੇ।
ਪਿੰਡ ਦੇ ਚੌਧਰੀ: ਜ਼ੈਲਦਾਰ ਕਰਤਾਰ ਸਿੰਘ, ਬਾਵੂ ਅਰਜਣ ਸਿੰਘ ਪੈਂਨਸ਼ਨੀਆਂ, ਸਰੂਪ ਸਿੰਘ ਲੰਬੜਦਾਰ, ਜਵਾਲਾ ਸਿੰਘ ਨਕੋਦਰੀਆ, ਗੁਰਦਿੱਤ ਸਿੰਘ ਜੌਹਲ, ਜਿਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜਥੇਦਾਰ ਊਧਮ ਸਿੰਘ ਨਾਗੋਕੇ ਨਾਲ ਪੁਲਸ ਤਸੀਹੇ ਝੱਲ੍ਹਦਿਆਂ ਗੋਰੇ ਦੀ ਕੈਦ ਕੱਟੀ ਵਗੈਰਾ ਪਿੰਡ ਦੇ ਮੋਹਤਬਰ ਸੁਣੀਂਦੇ। ਪਿੰਡ ਦੇ ਝਗੜੇ ਝੇੜੇ ਨਿਪਟਾਉਂਦੇ, ਸਰਕਾਰੇ ਦਰਬਾਰੇ ਪਹੁੰਚ ਰੱਖਦੇ।
ਸਕੂਲ/ਗੁਰਦੁਆਰਾ: ਪਿੰਡ ਵਿੱਚ ਸਕੂਲ ਚੌਥੀ ਤੱਕ ਸੀ। ਅੱਗੋਂ ਬੱਚੇ 97 ਚੱਕ ਕੰਗ ਮਰਾਜ ਪੜ੍ਹਨ ਜਾਂਦੇ। ਉਥੇ ਮਿਡਲ ਸਕੂਲ ਵਿੱਚ ਨਿਰੰਜਣ ਸਿੰਘ ਵੱਡਾ ਮਾਸਟਰ ਹੁੰਦਾ। ਮੰਦਰ ਮਸਜਿਦ ਪਿੰਡ ਵਿੱਚ ਕੋਈ ਨਾ ਸੀ। ਇਕ ਗੁਰਦੁਆਰਾ ਸਿੰਘ ਸਭਾ ਹੁੰਦਾ। ਉਥੋਂ ਦਾ ਭਾਈ ਬੱਚਿਆਂ ਨੂੰ ਪੈਂਤੀ ਵੀ ਸਿਖਾਉਂਦਾ। ਗੁਰਪੁਰਬ ਮਨਾਏ ਜਾਂਦੇ,ਰਾਤਰੀ ਦੀਵਾਨ ਸਜਦੇ।
ਹੱਟੀਆਂ/ਭੱਠੀਆਂ : ਅਲਖੂ ਬ੍ਰਾਹਮਣ ਅਤੇ ਰਾਮ ਚੰਦ ਅਰੋੜਾ ਕਰਿਆਨਾ, ਮੁਸਲਿਮ ਜਾਂਗਲੀ ਭਰਾ ਜੱਲੂ-ਬੱਲੂ-ਨੱਥੀ ਲੁਹਾਰਾ, ਫ਼ਤਿਹ ਮੁਹੰਮਦ ਕਰਿਆਨਾ ਅਤੇ ਕੋਹਲੂ ਚਲਾਉਂਦੇ। ਮੁਸਲਿਮ ਬੱਗੇ ਦਾ ਮੁੰਡਾ ਮੁਹੰਮਦ ਬੂਟਾ ਮੋਚੀ ਪੁਣੇ ਦੇ ਨਾਲ ਲਲਾਰੀ ਦੀ ਵੀ ਹੱਟੀ ਕਰਦਾ। ਉਹਦੇ ਘਰੋਂ ਬੇਗੀ ਸਰਦਾਰਾਂ ਦੇ ਘਰਾਂ 'ਚ ਕੰਮ ਕਰਦੀ। ਤੇਲੀਆਂ ਦਾ ਜਵਾਈ ਅੱਲ੍ਹਾ ਬਖ਼ਸ਼ ਵੀ ਆਪਣੇ ਸਹੁਰੇ ਨਾਲ਼ ਕੋਹਲੂ ਚਲਾਉਂਦਾ। ਤਖਾਣਾਂ ਕੰਮ 96 ਚੱਕ ਮਾੜੀ ਰੱਖ ਬਰਾਂਚ ਤੋਂ ਦੋ ਮੁਸਲਿਮ ਭਰਾ ਕਰਦੇ। ਧੰਨੋ ਝੀਰੀ ਭੱਠੀ ਤੇ ਦਾਣੇ ਭੁੰਨਦੀ ਉਹਦੇ ਘਰੋਂ ਰਾਜੂ ਖੂਹੀ 'ਚੋਂ ਲੋਕਾਂ ਦੇ ਘਰਾਂ ਵਿੱਚ ਘੜਿਆਂ ਨਾਲ਼ ਪਾਣੀ ਢੋਂਹਦਾ।
ਵਿਆਹ : ਮੇਰਾ ਵਿਆਹ ਅਠਾਰਵੇਂ ਸਾਲ 1944 ਵਿੱਚ ਬਾਰ ਵਿਚ ਹੀ 98 ਚੱਕ ਰੁੜਕਾ ਦੇ ਸੰਤ ਸਿੰਘ ਬਸਰਾ ਪੁੱਤਰ ਭਾਨ ਸਿੰਘ ਨਾਲ਼ ਹੋਇਆ, ਜਿਨਾਂ ਦਾ ਪਿਛਲਾ ਜੱਦੀ ਪਿੰਡ ਇਧਰ ਅੱਟੀ-ਗੁਰਾਇਆਂ ਸੀ। ਓਧਰ ਰੁੜਕੇ ਮੇਰੀ ਮਾਸੀ ਹੁਕਮ ਕੌਰ ਦਲੀਪ ਸਿੰਘ ਨੂੰ ਵਿਆਹੀ ਹੋਈ ਸੀ। ਉਹੀ ਮੇਰੀ ਵਿਚੋਲਣ ਬਣੀ। ਉਹ ਚੱਕ ਇਧਰੋਂ ਰੁੜਕਿਓਂ-ਗੁਰਾਇਆਂ ਤੋਂ ਗਏ ਸੰਧੂ ਜੱਟ ਸਿੱਖਾਂ ਨੇ ਆਬਾਦ ਕੀਤਾ ਸੀ, ਸੋ ਉਨ੍ਹਾਂ ਦੀ ਹੀ ਬਹੁ ਵਸੋਂ ਸੀ, ਉਥੇ।
ਕਤਲੇਆਮ ਦਾ ਸਹਿਮ: ਜਦ ਮਾਰ ਮਰੱਈਏ ਦਾ ਰੌਲ਼ਾ ਪਿਆ ਤਾਂ ਮੈਂ ਉਦੋਂ ਆਪਣੇ ਨਾਨਕੇ ਪਿੰਡ 93 ਨਕੋਦਰ ਸਾਂ। ਉਥੋਂ ਸਾਰੇ ਮੁਸਲਮਾਨ ਪਰਿਵਾਰ ਉਠ ਕੇ ਮੁਸਲਿਮ ਬਹੁ ਵਸੋਂ ਵਾਲੇ ਨਜ਼ਦੀਕੀ ਪਿੰਡ ਕੋਟ ਦਯਾ ਕਿਸ਼ਨ ਜੋਂ ਸਾਨੂੰ 'ਟੇਸ਼ਣ ਵੀ ਲੱਗਦਾ ਸੀ ਵਿੱਚ, ਚਲੇ ਗਏ। ਸਾਡੇ ਪਿੰਡਾਂ ਵਿੱਚ ਕਿਓਂ ਜੋ ਸਿੱਖ ਆਬਾਦੀ ਦੀ ਬਹੁਤਾਤ ਅਤੇ ਜ਼ੋਰ ਸੀ ਇਸ ਕਰਕੇ ਕੋਈ ਹਮਲਾ ਨਾ ਹੋਇਆ। ਪਰ ਮੁਸਲਿਮ ਬਲੋਚ ਮਿਲਟਰੀ ਅੰਦਰੋਂ ਹਿੰਦੂ-ਸਿੱਖਾਂ ਦੀ ਖ਼ੈਰ-ਖੁਆਹ ਨਹੀਂ ਸੀ।
ਕਾਫ਼ਲਾ ਤੁਰ ਪਿਆ: ਇਵੇਂ ਇਕ ਦਿਨ ਰਸਤੇ ਦਾ ਖਾਣਾ ਪੀਣਾ ਅਤੇ ਜ਼ਰੂਰੀ ਸਮਾਨ ਗੱਡਿਆਂ ਤੇ ਲੱਦ ਕੇ, ਪਿੰਡ ਨੂੰ ਅਖ਼ੀਰੀ ਫਤਹਿ ਬੁਲਾ ਕਾਫ਼ਲਾ ਜੜ੍ਹਾਂ ਵਾਲਾ ਵੰਨੀ ਤੁਰ ਪਿਆ।19-20 ਚੱਕ ਦੇ ਨਹਿਰੀ ਪੁੱਲ਼ ਤੇ ਪਹੁੰਚੇ ਤਾਂ ਪਹਿਰੇ ਤੇ ਖੜ੍ਹੀ ਮੁਸਲਿਮ ਮਿਲਟਰੀ ਨੇ ਗੋਲ਼ੀ ਚਲਾਈ। ਕਈ ਬੰਦੇ ਮਾਰੇ ਗਏ। ਜਿਨ੍ਹਾਂ ਵਿੱਚ ਜਥੇ ਦੀ ਅਗਵਾਈ ਕਰਨ ਵਾਲਾ 18 ਚੱਕ ਦਾ ਜਥੇਦਾਰ ਕਾਹਨ ਸਿੰਘ ਲੰਬੜਦਾਰ ਵੀ ਸ਼ਾਮਲ ਹੈ ਸੀ। ਕਾਫ਼ਲਾ ਖਿੰਡ ਗਿਆ। ਕਈ ਸਰ ਗੰਗਾ ਰਾਮ ਦੇ ਚੱਕ ਅਤੇ ਕਈ ਨਨਕਾਣਾ ਸਾਹਿਬ ਦੇ ਕੈਂਪ ਵਿਚ ਚਲੇ ਗਏ।ਕੈਂਪ 'ਚ ਹਫ਼ਤੇ ਦੇ ਠਹਿਰਾ ਉਪਰੰਤ ਮਿਲਟਰੀ ਦੇ ਟਰੱਕਾਂ ਵਿੱਚ ਸਵਾਰ ਹੋ ਕੇ ਅੰਬਰਸਰ ਆਣ ਉਤਰੇ। ਉਥੋਂ ਗੱਡੀ ਫੜ੍ਹ ਜਲੰਧਰ ਆਏ। 'ਟੇਸ਼ਣ ਤੇ ਪਤਾ ਲੱਗਾ ਕਿ ਜਮਸ਼ੇਰ-ਥਾਬਲਕੇ 'ਟੇਸ਼ਣ ਵਿਚਕਾਰੋਂ ਭਾਰੀ ਬਰਸਾਤ ਕਾਰਨ ਰੇਲਵੇ ਲੈਨ ਹੜ੍ਹ ਗਈ ਐ। ਸੋ ਲੈਨੇ ਲੈਨ ਤੁਰੇ ਆਏ। ਥਾਬਲਕੇ 'ਟੇਸ਼ਣ ਤੇ ਆ ਕੇ ਲੰਗਰ ਛਕਿਆ। ਫਿਰ ਹੋ ਤੁਰੇ ਆਪਣੇ ਨਾਨਕਿਆਂ ਨਾਲ਼। ਨਾਨਕੇ ਘਰ ਨਕੋਦਰ ਢਲਦੀ ਸ਼ਾਮ ਤੱਕ, ਕੱਟੀਆਂ-ਵੱਢੀਆਂ ਲਾਸ਼ਾਂ ਨੂੰ ਵੇਂਹਦੇ,ਵਬਾ-ਫਾਕਿਆਂ-ਥਕਾਣਾਂ ਨਾਲ ਘੁਲ਼ਦੇ, ਦੁਸ਼ਵਾਰੀਆਂ ਝੱਲਦੇ ਜਾਨ ਬਚਾਉਂਦਿਆਂ ਆਣ ਪਹੁੰਚੇ।
ਬਾਰ ਦੇ ਰੁੜਕਿਓਂ ਮੇਰਾ ਸਹੁਰਾ ਪਰਿਵਾਰ ਵੀ ਸੁੱਖ ਸਬੀਲੀ ਆਪਣੇ ਪਿਛਲੇ ਜੱਦੀ ਪਿੰਡ ਅੱਟੀ-ਗੁਰਾਇਆਂ ਆਣ ਪਹੁੰਚਿਆ। ਜਿਨ੍ਹਾਂ ਨੂੰ ਪੱਕੀ ਪਰਚੀ ਤੇਹਿੰਗ-ਫਿਲੌਰ ਦੀ ਪਈ। ਹੁਣ ਤੱਕ ਉਹੀ ਖਾਂਦੇ ਹਾਂ। ਮੇਰੇ ਘਰ ਤਿੰਨ ਪੁੱਤਰ ਗੁਰਮੇਲ ਸਿੰਘ,ਮੱਘਰ ਸਿੰਘ ਕੁਲਵੀਰ ਸਿੰਘ ਅਤੇ ਬੇਟੀ ਗੁਰਬਖਸ਼ ਕੌਰ ਪੈਦਾ ਹੋਏ। 'ਪਿਓ ਰਿਹਾ ਨਾ ਬਾਬਾ-ਵਲੈਤ ਨੇ ਪੱਟਿਆ ਦੋਆਬਾ'
ਦੇ ਅਖਾਣ ਮੁਤਾਬਕ ਧੀਆਂ-ਪੁੱਤਰਾਂ ਦੇ ਪਰਿਵਾਰ ਤਾਂ ਬਿਹਤਰ ਭਵਿੱਖ ਦੀ ਉਮੀਦ ਨਾਲ ਵਿਦੇਸ਼ਾਂ ਵਿੱਚ ਜਾ ਵਸੇ। ਹੁਣ ਮੇਰੀ ਬੇਟੀ ਇਥੇ ਟਹਿਲ ਸੇਵਾ ਲਈ ਆਈ ਹੋਈ ਐ ਜਿਸ ਆਸਰੇ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਹੀ ਆਂ। ਬਾਰ ਦੀਆਂ ਯਾਦਾਂ ਬੀਤੇ ਕੱਲ੍ਹ ਦੀ ਤਰ੍ਹਾਂ ਹਾਲੇ ਵੀ ਮੇਰੇ ਦਿਲ ਵਿੱਚ ਵਸੀਆਂ ਹੋਈਆਂ ਨੇ ਜੋ ਭੁਲਾਇਆਂ ਵੀ ਨਹੀਂ ਭੁੱਲਦੀਆਂ।
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526