ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ ਨੰਬਰ 'ਤੇ ਮੁਕੇਸ਼ ਅੰਬਾਨੀ
Wednesday, Oct 01, 2025 - 05:21 PM (IST)

ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਇੱਕ ਵਾਰ ਫਿਰ ਜਾਰੀ ਕਰ ਦਿੱਤੀ ਗਈ ਹੈ। M3M ਹੁਰੁਨ ਇੰਡੀਆ ਰਿਚ ਲਿਸਟ 2025 (Hurun India Rich List 2025) ਦੇ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਸਾਲ ਦੀ ਸੂਚੀ 'ਚ ਖ਼ਾਸ ਗੱਲ ਇਹ ਹੈ ਕਿ ਬਾਲੀਵੁੱਡ ਦੇ 'ਕਿੰਗ ਖ਼ਾਨ' ਸ਼ਾਹਰੁਖ ਖ਼ਾਨ ਨੇ ਪਹਿਲੀ ਵਾਰ ਅਰਬਪਤੀਆਂ ਦੇ ਕਲੱਬ ਵਿੱਚ ਥਾਂ ਬਣਾਈ ਹੈ।
ਹੁਰੁਨ ਦੀ ਰਿਪੋਰਟ ਮੁਤਾਬਕ, ਭਾਰਤ ਹੁਣ ਅਰਬਪਤੀਆਂ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ ਅਤੇ ਦੇਸ਼ ਵਿੱਚ ਅਮੀਰਾਂ ਦੀ ਗਿਣਤੀ ਸਾਲ-ਦਰ-ਸਾਲ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 13 ਸਾਲਾਂ ਵਿੱਚ ਭਾਰਤ 'ਚ ਅਰਬਪਤੀਆਂ ਦੀ ਗਿਣਤੀ 6 ਗੁਣਾ ਤੋਂ ਵੱਧ ਵਧੀ ਹੈ ਅਤੇ ਹੁਣ ਇਹ ਅੰਕੜਾ 350 ਤੋਂ ਪਾਰ ਹੋ ਗਿਆ ਹੈ। ਇਸ ਸੂਚੀ 'ਚ ਸ਼ਾਮਲ ਸਾਰੇ ਅਰਬਪਤੀਆਂ ਦੀ ਕੁੱਲ ਜਾਇਦਾਦ 167 ਲੱਖ ਕਰੋੜ ਰੁਪਏ ਹੋ ਗਈ ਹੈ, ਜੋ ਕਿ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ (GDP) ਦਾ ਲਗਭਗ ਅੱਧਾ ਹੈ।
ਦੇਸ਼ ਦੇ ਟਾਪ-3 ਅਰਬਪਤੀ ਕੌਣ?
- ਮੁਕੇਸ਼ ਅੰਬਾਨੀ : 9.55 ਲੱਖ ਕਰੋੜ ਰੁਪਏ ਦੀ ਕੁੱਲ ਜਾਇਦਾਦ ਨਾਲ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦਾ ਪਰਿਵਾਰ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ।
- ਗੌਤਮ ਅਡਾਨੀ: 8.15 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਗੌਤਮ ਅਡਾਨੀ ਅਤੇ ਉਨ੍ਹਾਂ ਦਾ ਪਰਿਵਾਰ ਦੂਜੇ ਸਥਾਨ 'ਤੇ ਹੈ।
- ਰੋਸ਼ਨੀ ਨਾਦਰ ਮਲਹੋਤਰਾ : 2.84 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਰੋਸ਼ਨੀ ਨਾਦਰ ਮਲਹੋਤਰਾ ਤੀਜੇ ਸਥਾਨ 'ਤੇ ਹਨ। ਉਹ ਇਸ ਸੂਚੀ ਵਿੱਚ ਸਭ ਤੋਂ ਉੱਚੀ ਰੈਂਕਿੰਗ ਹਾਸਲ ਕਰਨ ਵਾਲੀ ਮਹਿਲਾ ਅਰਬਪਤੀ ਬਣ ਗਈ ਹੈ ਅਤੇ ਉਸਨੇ ਪਹਿਲੀ ਵਾਰ ਟਾਪ-3 ਵਿੱਚ ਦਾਖਲ ਹੋ ਕੇ ਭਾਰਤ ਦੀ ਸਭ ਤੋਂ ਅਮੀਰ ਔਰਤ ਵਜੋਂ ਇਤਿਹਾਸ ਰਚਿਆ ਹੈ।
ਸ਼ਾਹਰੁਖ ਖ਼ਾਨ ਤੇ ਸਭ ਤੋਂ ਨੌਜਵਾਨ ਅਰਬਪਤੀ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਨੇ 12,490 ਕਰੋੜ ਰੁਪਏ ਦੀ ਜਾਇਦਾਦ ਨਾਲ ਇਸ ਸੂਚੀ ਵਿੱਚ ਪਹਿਲੀ ਵਾਰ ਥਾਂ ਬਣਾਈ ਹੈ। ਇਸ ਦੇ ਨਾਲ ਹੀ, ਪਰਪਲੈਕਸਿਟੀ (Perplexity) ਦੇ ਸੰਸਥਾਪਕ, 31 ਸਾਲਾ ਅਰਵਿੰਦ ਸ਼੍ਰੀਨਿਵਾਸ 21,190 ਕਰੋੜ ਰੁਪਏ ਦੀ ਜਾਇਦਾਦ ਨਾਲ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀ ਬਣ ਗਏ ਹਨ।
ਮਹਿਲਾ ਅਰਬਪਤੀਆਂ ਦਾ ਵੀ ਦਬਦਬਾ
ਇਸ ਸਾਲ ਦੀ ਸੂਚੀ ਵਿੱਚ 101 ਔਰਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 26 ਅਰਬਪਤੀ ਹਨ। ਖ਼ਾਸ ਤੌਰ 'ਤੇ 74% ਨਵੇਂ ਅਮੀਰਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ, ਜਦਕਿ ਸਵੈ-ਨਿਰਮਿਤ (Self-made) ਅਮੀਰਾਂ ਦੀ ਗਿਣਤੀ 66% ਰਹੀ ਹੈ। ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ 451 ਅਮੀਰਾਂ ਨਾਲ ਦੇਸ਼ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ, ਜਿਸ ਤੋਂ ਬਾਅਦ ਨਵੀਂ ਦਿੱਲੀ (223) ਅਤੇ ਬੈਂਗਲੁਰੂ (116) ਦਾ ਨੰਬਰ ਆਉਂਦਾ ਹੈ।