ਪੰਜਾਬ ਸਿੰਘ

Tuesday, Jul 22, 2025 - 04:37 PM (IST)

ਪੰਜਾਬ ਸਿੰਘ

ਮੇਰੀ ਹਿੱਕ ਤੇ ਵਗੇ ਨਸ਼ਿਆਂ ਦਾ ਦਰਿਆ, ਮੇਰੇ ਖੂਨ 'ਚ ਦੋੜੇ ਜਹਿਰ, 
ਹਾਏ ਮੇਰੀ ਕੋਈ ਸਾਰ ਲਓ, ਕਰੋ ਨਾ ਐਨਾ ਕਹਿਰ।
ਮੇਰੀਆਂ ਕੁੱਖਾਂ ਬੰਜਰ ਹੋ ਗਈਆਂ, ਰੁੰਡ-ਮੁੰਡ ਹੋਈ ਹਿੱਕ, 
ਕੀ-ਕੀ ਰੋਣੇ ਰੋ ਦਿਆਂ,ਦੁੱਖ ਨਾ ਕੋਈ ਇਕ
ਪੁੱਤ ਨੇ ਮੇਰੇ ਰੋਂਵਦੇ,ਧੀਆਂ ਅਵਾਜਾਰ,
ਪੁੱਤਰ ਮੇਰਾ ਲੁੱਟਿਆ ਸ਼ਰੇਆਮ, ਭਰੇ ਵਿਚ ਬਜ਼ਾਰ।
ਚਿੱਟੀ ਚਾਂਦੀ ਕਾਲੀ ਪੈ ਗਈ, ਵਧਿਆ ਕਰਜੇ ਦਾ ਭਾਰ,
ਖੁਦਕਸ਼ੀਆਂ ਵੱਲ ਤੁਰ ਪਿਆ, ਮੇਰਾ ਅਣਖੀ ਪੁੱਤ ਸਰਦਾਰ
ਇਤਿਹਾਸ ਮੇਰਾ ਫਰੋਲ ਲਓ, ਮੈਂ ਵੀ ਸੀ ਕਦੇ ਵੱਡਾ ਇੱਜ਼ਤਦਾਰ।
ਢਿੱਡ ਭਰਿਆ ਮੈਂ ਦੇਸ਼ ਦਾ, ਪਰ ਮਿਟਾ ਨਾ ਸਕਿਆ ਟੱਬਰ ਆਪਣੇ ਦੀ ਭੁੱਖ,
ਪੁੱਤ ਨਸ਼ੇੜੀ ਬਣ ਗਏ, ਧੀਆਂ ਨੂੰ ਲੱਗਾ ਦਾਜ ਦਾ ਦੁੱਖ।
ਰਾਖਾ ਸੀ ਮੈਂ ਦੇਸ਼ ਦਾ, ਫੜੀ ਹੱਥ ਤਲਵਾਰ,
ਫੱਟ ਖਾਧੇ ਮੈਂ ਹਿੱਕ 'ਤੇ, ਸਹੇ ਸੀ ਡੂੰਘੇ ਵਾਰ।
ਜਦ ਲੋੜ ਪਈ ਮੈਨੂੰ ਦਵਾ-ਦਾਰੂ ਦੀ, ਮੂੰਹ ਮੋੜਿਆ ਮੇਰੀ ਆਪਣੀ ਹੀ ਸਰਕਾਰ,
ਕਦੇ ਰੁੱਖ ਮੋੜੇ ਸੀ ਮੈਂ ਦਰਿਆਵਾਂ ਦੇ, ਕਰ ਨਾ ਸਕਿਆ ਕੋਈ ਅਣਖ ਮੇਰੀ 'ਤੇ ਵਾਰ।
ਪਰ ਹੁਣ ਮੈਂ ਆਪਣਿਆ ਹੱਥੋਂ ਲੁੱਟਿਆ, ਕਰਾਂ ਕਿੱਥੇ ਪੁਕਾਰ?
ਮੈਨੂੰ ਹੋਰ ਨਾ ਕੋਈ ਸਮਝਿਓ, ਮੈਂ ਹਾਂ ਭਾਰਤ ਮਾਂ ਦਾ "ਹੀਰਾ ਪੁੱਤ" ਪੰਜਾਬ ਸਿੰਘ ਸਰਦਾਰ।
ਗੁਰਬਿੰਦਰ ਕੌਰ
ਪੰਜਾਬੀ ਅਧਿਆਪਕਾ,
ਗੌ. ਹਾਈ ਸਕੂਲ ਲੜਕੀਆਂ, ਕੋਠਾ ਗੁਰੂ ਕਾ, ਬਠਿੰਡਾ


author

Gurminder Singh

Content Editor

Related News