*ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ

Saturday, Jun 07, 2025 - 10:53 AM (IST)

*ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ

ਈਦ-ਉਲ-ਫਿਤਰ ਦੇ ਵਾਂਗੂ ਈਦ-ਉਲ-ਅਜ਼ਹਾ ਵੀ ਮੁਸਲਮਾਨਾਂ ਦਾ ਇੱਕ ਵੱਡਾ ਤਿਉਹਾਰ ਹੈ। ਈਦ - ਉਲ - ਜ਼ੁਹਾ ਨੂੰ ਜ਼ਿਲ-ਹੱਜਾ (ਇਸਲਾਮੀ ਕੈਲੰਡਰ ਦੇ ਆਖਰੀ ਮਹੀਨੇ ਦਾ ਨਾਂ) ਦੇ ਦੱਸਵੇਂ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਮੱਕੇ ਵਿੱਚ ਹੱਜ ਲਈ ਪੁੱਜੇ ਮੁਸਲਮਾਨ ਹਜ ਵੀ ਕਰਦੇ ਹਨ ਅਤੇ ਆਪਣੇ ਵੱਲੋਂ ਕੁਰਬਾਨੀ ਵੀ ਕਰਦੇ ਹਨ। 

ਇਸ ਸੰਦਰਭ ਵਿੱਚ ਹਜ਼ਰਤ ਅਨਸ ਬਿਨ ਮਾਲਿਕ ਫ਼ਰਮਾਉਂਦੇ ਹਨ ਕਿ ਜਾਹਿਲੀਅਤ (ਅਨਪੜ੍ਹਤਾ/ ਅਗਿਆਨਤਾ) ਦੇ ਦੌਰ ਵਿੱਚ ਲੋਕਾਂ ਨੇ ਸਾਲ ਵਿੱਚ ਦੋ ਦਿਨ ਖੇਡਣ ਕੁੱਦਣ ਲਈ ਰੱਖੇ ਹੋਏ ਸਨ। ਜਦੋਂ ਹਜ਼ਰਤ ਮੁਹੰਮਦ ਰਸੂਲ ਅਕਰਮ (ਸੱਲੱਲਾਹੁ ਅਲੈਹਿ ਵਸੱਲਮ) ਮਦੀਨਾ ਪਹੁੰਚੇ ਤਾਂ ਉਨ੍ਹਾਂ ਨੇ ਫ਼ਰਮਾਇਆ: "ਤੁਸੀਂ ਲੋਕ ਖੇਡਣ-ਕੁੱਦਣ ਲਈ ਜੋ ਦੋ ਦਿਨ ਰੱਖੇ ਹੋਏ ਸਨ, ਅੱਲਾਹ ਨੇ ਉਨ੍ਹਾਂ ਦੀ ਥਾਂ ਤੁਹਾਨੂੰ ਇਨ੍ਹਾਂ ਤੋਂ ਵਧੀਆ ਦਿਨ ਦੇ ਦਿੱਤੇ ਹਨ" ਅਰਥਾਤ ਈਦ ਉਲ ਫ਼ਿਤਰ ਅਤੇ ਈਦ ਉਲ ਅਜ਼ਹਾ । ਈਦ - ਉਲ - ਅਜ਼ਹਾ ਨੂੰ ਜ਼ਿਲ-ਹੱਜ ਦੇ ਦੱਸਵੇਂ ਦਿਨ ਮਨਾਇਆ ਜਾਂਦਾ ਹੈ ਅਤੇ ਇਹ ਦੋਵਾਂ ਈਦਾਂ ਵਿੱਚੋਂ ਵਧੀਆ ਈਦ ਮੰਨੀ ਜਾਂਦੀ ਹੈ। ਇਹ ਹਜ ਦੀ ਤਕਮੀਲ (ਪੂਰਨਤਾ) ਦੇ ਬਾਅਦ ਆਉਂਦੀ ਹੈ। ਜਦੋਂ ਮੂਸਲਮਾਨ ਹਜ ਪੂਰਾ ਕਰ ਲੈਂਦੇ ਹਨ ਤਾਂ ਅੱਲਾਹ ਤਆਲਾ ਉਨ੍ਹਾਂ ਦੇ ਗੁਨਾਹ ਮੁਆਫ਼ ਕਰ ਦਿੰਦੇ ਹਨ। ਹਜ ਦੀ ਤਕਮੀਲ ਯੌਮ - ਏ-ਅਰਫ਼ਾ (ਅਰਾਫ਼ਾਤ ਦੇ ਮੈਦਾਨ ਵਿੱਚ ਠਹਿਰਣ ਦਾ ਦਿਨ ) ਨਾਲ ਹੁੰਦੀ ਹੈ, ਜੋ ਕਿ ਹਜ ਦਾ ਸਭ ਤੋਂ ਵੱਡਾ ਰੁਕਨ ਹੈ। 

ਨਬੀ ਅਕਰਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ: "ਯੌਮ - ਏ - ਅਰਫ਼ਾ ਅੱਗ ਤੋਂ ਨਿਜਾਤ ਮਿਲਣ ਦਾ ਦਿਨ ਹੈ। ਇਸ ਦਿਨ ਅੱਲਾਹ ਹਰ ਉਸ ਸ਼ਖ਼ਸ ਨੂੰ ਅੱਗ ਤੋਂ ਨਿਜਾਤ ਦਿੰਦੇ ਹਨ ਜੋ ਅਰਫ਼ਾਤ ਵਿੱਚ ਵੁਕੂਫ਼ (ਠਹਿਰਦਾ) ਕਰਦਾ ਹੈ।  ਇਹ ਦਿਨ ਅੱਲਾਹ ਦੇ ਨਜ਼ਦੀਕ ਸਭ ਤੋਂ ਵਧੀਆ ਦਿਨ ਹੈ: ਹਾਫਿਜ਼ ਇਬਨ ਕ਼ਈਮ ਰਹਿਮਾਤੁੱਲਾਹ ਨੇ ਆਪਣੀ ਕਿਤਾਬ ਜ਼ਾਦ ਅਲ-ਮਆਦ ਵਿੱਚ ਲਿਖਦੇ ਹਨ ਕਿ "ਅੱਲਾਹ ਤਆਲਾ ਦੇ ਨਜ਼ਦੀਕ ਸਭ ਤੋਂ ਅਫ਼ਜ਼ਲ ਅਤੇ ਵਧੀਆ ਦਿਨ ਯੌਮ-ਉਲ-ਅਨ ਨਹਰ ਭਾਵ ਜਿਸ ਦਿਨ ਲੋਕੀ ਆਪਣੇ ਜਾਨਵਰਾਂ ਨੂੰ ਹਲਾਲ ਕਰਦੇ ਹਨ (ਈਦ-ਉਲ-ਜ਼ੁਹਾ) ਦਾ ਦਿਨ ਹੈ ਅਤੇ ਇਹ ਹਜ ਅਕਬਰ ਵਾਲਾ ਦਿਨ ਹੈ।" ਨਬੀ ਅਕਰਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ: "ਨਿਸ਼ਚਤ ਹੀ ਯੌਮੁ-ਉਲ - ਨਹਰ ਅੱਲਾਹ ਦੇ ਨਜ਼ਦੀਕ ਸਭ ਤੋਂ ਵਧੀਆ ਦਿਨ ਹੈ।"

ਉਕਤ ਦਿਨ ਦੇ ਸੰਦਰਭ ਵਿੱਚ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਬਿਆਨ ਕਰਦੇ ਹਨ ਕਿ ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਆਪਣੇ ਹਜ ਦੌਰਾਨ, ਯੌਮ-ਉਲ-ਅਨ ਨਹਰ (ਈਦ ਉਲ ਜ਼ੁਹਾ ) ਵਾਲੇ ਦਿਨ, ਜਮਰਾਤ ਵਿਚਕਾਰ ਖੜੇ ਹੋ ਕੇ ਫ਼ਰਮਾਇਆ: "ਇਹ ਹਜ ਅਕਬਰ ਦਾ ਦਿਨ ਹੈ।" ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ: "ਯੌਮੇ ਅਰਫ਼ਾ, ਯੌਮ-ਉਲ-ਅਨਨਹਰ ਅਤੇ ਅਯਾਮ ਤਸ਼ਰੀਕ ਸਾਡੇ  ਇਸਲਾਮ ਨੂੰ ਮੰਨਣ ਵਾਲਿਆਂ ਦੇ ਤਿਉਹਾਰ ਦੇ ਦਿਨ ਹਨ, ਅਤੇ ਇਹ ਸਭ ਖਾਣ-ਪੀਣ ਵਾਲੇ ਦਿਨ ਹਨ।"

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਮੁਸਲਮਾਨ ਸਾਲ ਵਿੱਚ ਦੋ ਤਰ੍ਹਾਂ ਦੀਆਂ ਈਦਾਂ ਮਨਾਉਂਦੇ ਹਨ ਇਨ੍ਹਾਂ ਵਿਚੋਂ ਇੱਕ ਨੂੰ ਈਦ ਉਲ-ਫ਼ਿਤਰ ਅਤੇ ਦੂਜੀ ਨੂੰ ਈਦ-ਉਲ-ਜ਼ੁਹਾ ਕਿਹਾ ਜਾਂਦਾ ਹੈ। ਰਮਜ਼ਾਨ ਦੇ ਪਵਿਤਰ ਮਹੀਨੇ ਦੀ ਅੰਤ ਦੇ ਲੱਗਪਗ 70 ਦਿਨਾਂ ਬਾਅਦ ਇਸਨੂੰ ਮਨਾਇਆ ਜਾਂਦਾ ਹੈ। ਇਸਲਾਮੀ ਲੋਕਾਂ ਦੀ ਮਾਨਤਾ  ਅਨੁਸਾਰ ਹਜਰਤ ਇਬਰਾਹਿਮ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਇਸ ਦਿਨ ਖ਼ੁਦਾ ਦੇ ਹੁਕਮ ਉੱਤੇ ਖ਼ੁਦਾ ਦੇ ਰਸਤੇ ਵਿੱਚ ਕੁਰਬਾਨ ਕਰਨ ਜਾ ਰਹੇ ਸਨ, ਤਾਂ ਅੱਲ੍ਹਾ ਨੇ ਉਸਦੇ ਪੁੱਤਰ ਨੂੰ ਜੀਵਨਦਾਨ ਦੇ ਦਿੱਤਾ ਜਿਸਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸ਼ਬਦ ਦਾ ਬੱਕਰੀਆਂ ਨਾਲ ਕੋਈ ਸਬੰਧ ਨਹੀਂ ਹੈ। ਨਾ ਹੀ ਇਹ ਉਰਦੂ ਦਾ ਸ਼ਬਦ ਹੈ। ਅਸਲ ਵਿੱਚ ਅਰਬੀ ਵਿੱਚ ਬਕਰ ਦਾ ਮਤਲਬ ਹੈ ਵੱਡਾ ਜਾਨਵਰ ਜੋ ਜਿਬਹ ਕੀਤਾ ਜਾਂਦਾ ਹੈ। ਉਸੇ ਤੋਂ ਵਿਗੜਕੇ ਅੱਜ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਵਿੱਚ ਇਸਨੂੰ ਬਕਰ-ਈਦ ਬੋਲਦੇ ਹਨ। ਈਦ-ਏ-ਕੁਰਬਾਂ ਦਾ ਮਤਲਬ ਹੈ, ਕੁਰਬਾਨੀ ਦੀ ਭਾਵਨਾ। ਅਰਬੀ ਵਿੱਚ ਕੁਰਬ ਦਾ ਭਾਵ ਅਤਿ ਨਜ਼ਦੀਕੀ ਜਾਂ ਬਹੁਤ ਨੇੜਲੇ ਰਿਸ਼ਤੇਦਾਰ  ਨੂੰ ਕਹਿੰਦੇ ਹਨ ਮਤਲਬ ਇਸ ਮੌਕੇ ਉੱਤੇ ਭਗਵਾਨ ਇਨਸਾਨ ਦੇ ਬਹੁਤ ਨੇੜੇ ਹੋ ਜਾਂਦਾ ਹੈ। ਕੁਰਬਾਨੀ ਉਸ ਪਸ਼ੂ ਦੇ ਜਿਬਹ ਕਰਨ ਨੂੰ ਕਹਿੰਦੇ ਹਨ ਜਿਸਨੂੰ 10, 11, 12  ਜਿਲਹਿੱਜਾ (ਹਜ ਦਾ ਮਹੀਨਾ) ਨੂੰ ਖ਼ੁਦਾ ਨੂੰ ਖੁਸ਼ ਕਰਨ ਲਈ ਜਿਬਾਹ( ਕੁਰਬਾਨ) ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਦਿਨਾਂ ਵਿੱਚੋਂ ਕਿਸੇ ਵੀ ਦਿਨ ਕੁਰਬਾਨੀ ਕੀਤੀ ਜਾ ਸਕਦੀ ਹੈ। ਇਸ ਦਾ ਜ਼ਿਕਰ ਬਾਈਬਲ ਅਤੇ ਕੁਰਆਨ-ਏ-ਪਾਕ ਵਿੱਚ ਵੀ ਕਈ ਥਾਵਾਂ 'ਤੇ ਮਿਲਦਾ ਹੈ। ਕੁਰਾਨ ਵਿੱਚ ਲਿਖਿਆ ਹੈ: ਅਸੀਂ ਤੈਨੂੰ ਹੌਜ਼-ਏ-ਕੌਸਰ ਦਿੱਤਾ ਤਾਂ ਤੂੰ ਆਪਣੇ ਅੱਲ੍ਹਾ ਲਈ ਨਮਾਜ਼ ਪੜ੍ਹ ਅਤੇ ਕੁਰਬਾਨੀ ਕਰ।

ਈਦ-ਉਲ-ਅਜ਼ਹਾ ਦ ਇਤਿਹਾਸਕ ਪਿਛੋਕੜ ਬੇਹੱਦ ਦਿਲਚਸਪ ਤੇ ਮਹੱਤਵਪੂਰਨ ਹੈ। ਇਸਲਾਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲਾਲਾਊ ਇਲੈਵਸੱਲਮ (ਉਨ੍ਹਾਂ ’ਤੇ ਰੱਬ ਦੀ ਰਹਿਮਤ) ਦੇ ਨਵੁੱਬਤ ਕਾਲ ਤੋਂ ਲਗਭਗ ਪੱਚੀ ਸੌ ਸਾਲ ਪਹਿਲਾਂ ਅਤੇ ਮੌਜੂਦਾ ਸਮੇਂ ਤੋਂ ਲਗਭਗ ਚਾਰ ਕੁ ਹਜ਼ਾਰ ਸਾਲ ਪਹਿਲਾਂ ਹਜ਼ਰਤ ਇਬਰਾਹੀਮ ਅਲੈਸਲਾਮ (ਉਨ੍ਹਾਂ ਨੂੰ ਸਲਾਮ ਹੈ) ਪੈਗੰਬਰ ਹੋਏ ਹਨ। ਹਜ਼ਰਤ ਇਬਰਾਹੀਮ ਦਾ ਜਨਮ ਇਰਾਕ ਵਿਚ ਵਹਿੰਦੇ ਦਰਿਆ ਫ਼ਰਾਤ ਦੇ ਕੰਢੇ, ਵਸੇ ਉਰ ਸ਼ਹਿਰ ਵਿਚ ਹੋਇਆ ਸੀ। ਈਦ-ਅਲ-ਜੁਹਾ ਦੀ ਸ਼ੁਰੂਆਤ ਬਾਰੇ ਕੁਰਆਨ ਮਜੀਦ ਦੇ ਭਾਗ ਨੰਬਰ 18 ਤੇ 23 ਦੀਆਂ ਸੂਰਤਾਂ ਵਿਚ ਵਰਣਨ ਆਉਂਦਾ ਹੈ। 

ਇਸ ਵਿਚ ਹਜ਼ਰਤ ਇਬਰਾਹੀਮ (ਅਲੈਸਲਾਮ) ਅਤੇ ਉਨ੍ਹਾਂ ਦੇ ਪੁੱਤਰ ਇਸਮਾਈਲ ਬਾਰੇ ਜ਼ਿਕਰ ਹੈ। ਇਸਮਾਈਲ ਦੀ ਥਾਂ ਭੇਡੂ (ਦੁੰਬਾ) ਦੀ ਕੁਰਾਬਨੀ ਵਾਲੀ ਘਟਨਾ ਦੌਰਾਨ ਹਜ਼ਰਤ ਇਬਰਾਹੀਮ (ਅਲੈਸਲਾਮ) ਦੀ ਪਤਨੀ ਬੀਬੀ ਹਾਜ਼ਰਾਂ ਨੇ ਆਪਣੇ ਪਰਿਵਾਰ, ਬਾਪ ਅਤੇ ਬੇਟੇ ਦੀ ਸ਼ੈਤਾਨ ਤੋਂ ਹਿਫ਼ਾਜ਼ਤ ਲਈ ਕੰਕਰ ਚੁੱਕ ਕੇ ਮਾਰਨੇ ਸ਼ੁਰੂ ਕੀਤੇ ਸਨ। ਸੋ, ਬੁਨਿਆਦੀ ਤੌਰ ’ਤੇ ਇਸਲਾਮ ਵਿਚ ਕੁਰਬਾਨੀ ਦੀ ਈਦ ਅਤੇ ਹੱਜ ਕਰਨ ਸਮੇਂ ਸ਼ੈਤਾਨ ਨੂੰ ਕੰਕਰ ਮਾਰਨ ਦੀ ਪ੍ਰਥਾ ਇਸ ਘਟਨਾ ਤੋਂ ਬਾਅਦ ਸ਼ੁਰੂ ਹੋਈਆਂ।

ਈਦ ਉਲ ਅਜ਼ਹਾ ਦੀ ਨਮਾਜ਼ ਦੀਆਂ ਰਕਾਤਾਂ ਵੀ ਈਦ-ਉਲ-ਫਿਤਰ ਦੀ ਤਰ੍ਹਾਂ ਦੋ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਨ ਉਪਰੰਤ ਕੁਰਬਾਨੀ ਲਈ ਨਿਰਧਾਰਤ ਜਾਨਵਰਾਂ ਨੂੰ ਜਿਬਾਹ (ਹਲਾਲ) ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਾਨਵਰ ਦਾ ਗੋਸ਼ਤ ਇਕੱਠਾ ਕਰਕੇ (ਭਾਵ ਰਲਾ-ਮਿਲਾ ਕੇ) ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲਾ ਭਾਗ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ, ਦੂਜਾ ਰਿਸ਼ਤੇਦਾਰਾਂ ਦਾ ਅਤੇ ਤੀਸਰਾ ਗ਼ਰੀਬ ਲੋਕਾਂ ਲਈ ਹੁੰਦਾ ਹੈ। ਗ਼ਰੀਬ ਤੋਂ ਭਾਵ ਉਹ ਲੋਕ ਜੋ ਆਰਥਿਕ ਤੰਗੀ-ਤੁਰਸ਼ੀ ਕਾਰਨ ਕੁਰਬਾਨੀ ਕਰਨ ਤੋਂ ਅਸਮਰਥ ਹਨ। ਜਿਨ੍ਹਾਂ ਜਾਨਵਰਾਂ ਨੂੰ ਕੁਰਬਾਨੀ ਲਈ ਹਲਾਲ ਕੀਤਾ ਜਾ ਸਕਦਾ ਹੈ, ਉਨ੍ਹਾਂ ਦੇ ਨਾਮ ਹਨ- ਬੱਕਰਾ, ਬੱਕਰੀ, ਭੇਡ, ਲੇਲਾ, ਊਠ, ਵੱਛਾ, ਮੱਝ, ਕੱਟਾ ਆਦਿ ਹਨ। ਈਦ ਉਲ ਜੁਹਾ ਇਸਲਾਮੀ ਭਾਵ ਹਿਜਰੀ ਕੈਲੰਡਰ ਦੇ ਅੰਤਿਮ ਮਹੀਨੇ ਜ਼ੁਲ-ਹਿਜਾ ਜਿਸ ਨੂੰ ਜ਼ਿਲ ਹਿਜਾ ਵੀ ਆਖਿਆ ਜਾਂਦਾ ਹੈ, ਦੀ 10 ਤੋਂ 12 ਤਾਰੀਖ ਨੂੰ ਮਨਾਇਆ ਜਾਂਦਾ ਹੈ। 

ਜਿਵੇਂ ਕਿ ਅਸੀਂ ਪਿੱਛੇ ਵੀ ਜ਼ਿਕਰ ਕੀਤਾ ਕਿ ਇਹ ਤਿਉਹਾਰ ਹਜ਼ਰਤ ਇਬਰਾਹੀਮ (ਅਲੈਹਵਸਲਾਮ) ਵਲੋਂ ਆਪਣੇ ਇਕਲੌਤੇ ਤੇ ਪਿਆਰੇ ਪੁੱਤਰ ਨੂੰ ਰੱਬ ਦੀ ਰਜ਼ਾ ਲਈ ਕੁਰਬਾਨ ਲਈ ਤਿਆਰ ਹੋਣ ਦੀ ਯਾਦ ਦੇ ਪ੍ਰਤੀਕ ਨੂੰ ਹੀ ਅੱਜ ਮੁਸਲਮਾਨ ਈਦ-ਅਲ-ਜੁਹਾ ਦੀ ਸ਼ਕਲ ਚ ਮਨਾਉਂਦੇ ਹਨ। ਦਰਅਸਲ ਹਜ਼ਰਤ ਇਬਰਾਹਿਮ ਅਲੈਹਵਸਲਮ ਨੂੰ ਰੱਬ ਨੇ ਬੁਢਾਪੇ ਦੀ ਉਮਰ ਵਿੱਚ ਇਸਮਾਇਲ ਨਾਂ ਦਾ ਮੁੰਡਾ ਦਿੱਤਾ ਜਦੋਂ ਉਹ ਚਲੱਣ ਫਿਰਨ ਵਾਲਾ ਹੋਇਆ ਤਾਂ ਇਬਰਾਹਿਮ ਨੂੰ ਇੱਕ ਦਿਨ ਸੁਪਨਾ ਆਇਆ। ਚੂਨਾਂਚਿ ਇਸ ਸੰਦਰਭ ਵਿੱਚ ਕੁਰਾਨ ਚ ਲਿਖਿਆ ਹੈ ਕੁਰਾਨ ਮਜੀਦ ਦੇ ਅਨੁਸਾਰ : ਸੋ ਜਦੋਂ ਉਹ ਮੁੰਡਾ ਅਜਿਹੀ ਉਮਰ ਵਿੱਚ ਪਹੁੰਚਿਆ ਕਿ ਇਬਰਾਹਿਮ ਦੇ ਚੱਲਣ ਫਿਰਨ ਲੱਗਾ ਤਾਂ ਇਬਰਾਹਿਮ ਨੇ ਫਰਮਾਇਆ ਕਿ ਐ ਬੇਟੇ ਮੈਂ ਸੁਪਨੇ ਚ ਵੇਖਦਾ ਹਾਂ ਕਿ ਮੈਂ ਤੁਹਾਨੂੰ ਰੱਬ ਦੇ ਰਾਹ ਵਿੱਚ ਜ਼ਿਬਹਾ (ਕੁਰਬਾਨ) ਕਰ ਰਿਹਾ ਹਾਂ ਸੋ ਤੁਸੀਂ ਵੀ ਸੋਚ ਲਵੋ ਕਿ ਤੁਹਾਡੀ ਕੀ ਰਾਏ ਹੈ। ਉਹ ਆਖਣ ਲੱਗਾ ਅੱਬਾ ਜੀ ਤੁਹਾਨੂੰ ਜੋ ਹੁਕਮ ਹੋਇਆ ਹੈ ਤੁਸੀਂ ਉਹ (ਬੇਝਿਜਕ) ਕਰੋ, ਰੱਬ ਨੇ ਚਾਹਿਆ ਤੁਸੀਂ ਮੈਂਨੂੰ ਸਬਰ ਕਰਨ ਵਾਲਿਆਂ ਚ ਵੇਖੋਗੇ। 

PunjabKesari

ਜਦੋਂ ਇਬਰਾਹਿਮ ਆਪਣੇ ਪੁੱਤਰ ਇਸਮਾਇਲ ਨੂੰ ਕੁਰਬਾਨ ਕਰਨ ਲਈ ਪਹਾੜ ਤੇ ਜਾ ਰਹੇ ਸਨ ਤਾਂ ਰੱਬ ਦੇ ਸਾਰੇ ਫਰਿਸ਼ਤੇ ਇਸ ਦ੍ਰਿਸ਼ ਨੂੰ ਟਿਕ ਟਿਕੀ ਲਗਾ ਕੇ ਵੇਖ ਰਹੇ ਸਨ ਅਤੇ ਇਬਰਾਹਿਮ ਦੇ ਇਸ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਸਨ ਇਹ ਵੀ ਆਉਂਦਾ ਹੈ ਕਿ ਜਦੋਂ ਇਬਰਾਹਮ। ਨੇ ਇਸਮਾਇਲ ਨੂੰ ਕੁਰਬਾਨ ਕਰਨ ਲਈ ਲੈਟਾਇਆ ਤਾਂ ਉਨ੍ਹਾਂ ਆਪਣੇ ਪਿਤਾ ਨੂੰ ਆਖਿਆ ਕਿ ਤੁਸੀਂ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਵੋ ਤਾਂ ਕਿ ਮੇਰੀ ਸ਼ਕਲ ਵੇਖ ਤੁਹਾਡਾ ਦਿਲ ਪਸੀਜ ਨਾ ਜਾਵੇ। ਕਹਿੰਦੇ ਜਦੋਂ ਇਬਰਾਹਿਮ ਇਸਮਾਇਲ ਦੀ ਗਰਦਨ ਤੇ ਛੁਰੀ ਫੈਰਨ ਹੀ ਲੱਗੇ ਸਨ ਤਾਂ ਉਨ੍ਹਾਂ ਛੁਰੀ ਹੇਠਾਂ ਜਿਬਰਾਇਲ ਫਰਿਸ਼ਤੇ ਦੁੰਭਾ ਲਿਆ ਧਰਿਆ ਤੇ ਇਸ ਪ੍ਰਕਾਰ ਕੁਰਬਾਨੀ ਦੁੰਭੇ ਦੀ ਹੋ ਗਈ ਤੇ ਇਸ ਪ੍ਰਕਾਰ ਕੁਰਬਾਨੀ ਦੇ ਜਜ਼ਬੇ ਨੂੰ ਲੈ ਕੇ ਇਬਰਾਹਿਮ ਆਪਣੇ ਇਮਤਿਹਾਨ ਵਿੱਚ ਸਫਲ ਹੋ ਗਏ। ਚੂਨਾਂਚਿ ਘਟਨਾ ਦੀ ਯਾਦ ਪਿਛਲੀਆਂ ਕਈ ਸਦੀਆਂ ਤੋਂ ਇਹ ਕੁਰਬਾਨੀ ਦੀ ਪ੍ਰੰਪਰਾ ਚਲੀ ਆ ਰਹੀ ਹੈ। 

ਰਵਾਇਤਾਂ ਚ ਆਉਂਦਾ ਹੈ ਕਿ ਹਜ਼ਰਤ ਮੁਹੰਮਦ ( ਸ) ਦੀ ਆਮਦ ਤੋਂ ਪਹਿਲਾਂ ਭਾਵ ਅਗਿਆਨਤਾ(ਜਹਾਲਤ) ਦੇ ਦੌਰ ਵਿੱਚ ਮਸ਼ਰਕਾਂ ਦੀ ਆਦਤ ਸੀ ਕਿ ਜਦੋਂ ਉਹ ਕਿਸੇ ਬੁੱਤ ਦੇ ਨਾਮ 'ਤੇ ਕੋਈ ਕੁਰਬਾਨੀ ਵਾਲਾ ਜਾਨਵਰ ਜ਼ਿਬਾਹ ਕਰਦੇ ਸਨ, ਤਾਂ ਉਸਦਾ ਗੋਸ਼ਤ ਉਸ ਬੁਤ ਦੇ ਸਾਹਮਣੇ ਰੱਖ ਦਿੰਦੇ ਸਨ ਅਤੇ ਉਸਦਾ ਖੂਨ ਉਸ ਬੁੱਤ ਦੇ ਸਰੀਰ 'ਤੇ ਮਲ ਦਿੰਦੇ ਸਨ। ਬੁਤਾਂ ਦੇ ਸਾਹਮਣੇ ਰੱਖਿਆ ਹੋਇਆ ਗੋਸ਼ਤ ਆਖ਼ਿਰਕਾਰ ਉਨ੍ਹਾਂ ਦੇ ਸੇਵਕਾਂ (ਮਜਾਵਰਾਂ) ਦੇ ਕੰਮ ਆਉਂਦਾ ਸੀ ਅਤੇ ਉਹੀ ਉਨ੍ਹਾਂ ਬੁਤਾਂ ਨੂੰ ਬਾਅਦ ਵਿੱਚ ਸਾਫ਼ ਕਰਦੇ ਸਨ। ਅਤੇ ਜਦ ਉਹ ਅੱਲਾਹ ਦੇ ਨਾਮ ਦੀ ਕੁਰਬਾਨੀ ਕਰਦੇ, ਤਾਂ ਗੋਸ਼ਤ ਕਾਬਾ ਦੇ ਸਾਹਮਣੇ ਲਿਆ ਕੇ ਰੱਖ ਦਿੰਦੇ ਅਤੇ ਖੂਨ ਕਾਬਾ (ਮੌਜੂਦਾ ਖ਼ਾਨਾ ਕਾਅਬਾ) ਦੀਆਂ ਦੀਵਾਰਾਂ ਨਾਲ ਲਥੇੜ ਦਿੰਦੇ ਜਾਂ ਉਸ 'ਤੇ ਖੂਨ ਦੇ ਛਿੱਟੇ ਦੇ ਦਿੰਦੇ। ਜਿਵੇਂ ਉਨ੍ਹਾਂ ਦੇ ਖ਼ਿਆਲ ਅਨੁਸਾਰ ਕੁਰਬਾਨੀ ਦਾ ਮਤਲਬ ਇਹ ਸੀ ਕਿ ਉਸਦਾ ਗੋਸ਼ਤ ਅਤੇ ਖੂਨ ਪੇਸ਼ ਕਰ ਦਿੱਤਾ ਜਾਵੇ।

ਚੂਨਾਂਚਿ ਕੁਰਾਨ ਮਜੀਦ ਇੱਕ ਆਇਤ ਵਿੱਚ ਅੱਲਾਹ ਤਆਲਾ ਨੇ ਇਸ ਜਾਹਿਲੀ ਨਜ਼ਰੀਏ ਦੀ ਤਰਦੀਦ ਕਰਦੇ ਹੋਏ ਫਰਮਾਇਆ ਕਿ ਅੱਲਾਹ ਨੂੰ ਨਾਂ ਤਾਂ ਤੁਹਾਡੇ ਕੁਰਬਾਨੀ ਵਾਲੇ ਜਾਨਵਰਾਂ ਦੇ ਗੋਸ਼ਤ ਦੀ ਲੋੜ ਹੈ ਅਤੇ ਨਾਂ ਹੀ ਖੂਨ ਦੀ। ਖੂਨ ਤਾਂ ਉੰਝ ਵੀ ਹਰਾਮ ਅਤੇ ਨਾਪਾਕ ਚੀਜ਼ ਹੈ, ਤੇ ਗੋਸ਼ਤ ਤਾਂ ਤੁਸੀਂ ਆਪਣੇ ਆਪ ਖਾ ਸਕਦੇ ਹੋ ਜਾਂ ਹੋਰਾਂ ਨੂੰ ਖਵਾ ਸਕਦੇ ਹੋ। ਅੱਲਾਹ ਤਾਂ ਸਿਰਫ਼ ਇਹ ਵੇਖਦਾ ਹੈ ਕਿ ਤੁਸੀਂ ਕਿਹੜੀ ਨੀਅਤ, ਖਲੂਸ ਅਤੇ ਮੁਹੱਬਤ ਨਾਲ ਅੱਲਾਹ ਦੇ ਹਜ਼ੂਰ ਇਹ ਕੁਰਬਾਨੀ ਪੇਸ਼ ਕੀਤੀ ਹੈ। ਤੁਹਾਡੀ ਨੀਅਤ ਵਿੱਚ ਜਿੰਨਾ ਖਲੂਸ ਅਤੇ ਤਕਵਾ਼ ਹੋਵੇਗਾ, ਓਹੀ ਅੱਲਾਹ ਦੇ ਨਜ਼ਦੀਕ ਉਸ ਕੁਰਬਾਨੀ ਦੀ ਅਸਲ ਅਹਿਮੀਅਤ ਹੋਵੇਗੀ।

ਈਦ ਉਲ ਅਜਹਾ ਦਾ ਇੱਕ ਹੋਰ ਅਰਥਚਾਰੇ ਨੂੰ ਹੁਲਾਰਾ ਦੇਣ ਵਾਲਾ ਪਹਿਲੂ ਵੀ ਹੈ ਉਹ ਹੈ ਇਸ ਤਿਓਹਾਰ ਦੇ ਚਲਦਿਆਂ ਬਹੁਤ ਸਾਰੇ ਲੋਕ ਪਸ਼ੂ ਪਾਲਣ ਕਾਰਜ ਨਾਲ ਜੁੜੇ ਹੋਏ ਹਨ ਮਲੇਰਕੋਟਲਾ ਵਿਖੇ ਮੰਡੀ ਚ ਬਕਰੇ ਵੇਚਣ ਆਏ ਰਾਜਸਥਾਨ ਦੇ ਹਨੂੰਮਾਨ ਗੜ੍ਹ ਦੇ ਬਕਰਿਆਂ ਦੇ ਵਿਓਪਾਰੀ ਜੀਤ ਨੇ ਦੱਸਿਆ ਕਿ ਉਸ ਦੇ ਕੋਲ ਕਰੀਬ ਪੰਜ ਸੌ ਵੀਘਾ ਜ਼ਮੀਨ ਹੈ ਜਿੱਥੇ ਕਿ ਉਹਦਾ ਪਸ਼ੂ ਪਾਲਣ ਦਾ ਫਾਰਮ ਹਾਊਸ ਹੈ। ਉਸ ਨੇ ਕਿਹਾ ਇਸ ਤਿਓਹਾਰ ਦੇ ਮੌਕੇ ਉਸਨੂੰ ਵਧੀਆ ਆਮਦਨ ਹੁੰਦੀ ਹੈ। 

ਲੇਖਕ : ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ।
ਸੰਪਰਕ :9855259650 
Abbasdhaliwal72@gmail.com

 


author

rajwinder kaur

Content Editor

Related News