ਪ੍ਰਦੂਸ਼ਣ ''ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਸਖ਼ਤ ! ਦਿੱਲੀ ''ਚ 600 ਨਵੇਂ EV ਚਾਰਜਿੰਗ ਸਟੇਸ਼ਨ ਲਾਉਣ ਦੀ ਖਿੱਚੀ ਤਿਆਰੀ

Tuesday, Jan 06, 2026 - 12:54 PM (IST)

ਪ੍ਰਦੂਸ਼ਣ ''ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਸਖ਼ਤ ! ਦਿੱਲੀ ''ਚ 600 ਨਵੇਂ EV ਚਾਰਜਿੰਗ ਸਟੇਸ਼ਨ ਲਾਉਣ ਦੀ ਖਿੱਚੀ ਤਿਆਰੀ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਵਿਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਨੂੰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਨੇ ਇਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਅਗਲੇ 6 ਮਹੀਨਿਆਂ ਦੇ ਅੰਦਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 600 ਨਵੇਂ ਈ.ਵੀ. ਚਾਰਜਿੰਗ ਸਟੇਸ਼ਨ ਲਾਏ ਜਾਣਗੇ। ਇਸ ਨਾਲ ਨਾ ਸਿਰਫ਼ ਈ.ਵੀ. ਚਲਾਉਣ ਵਾਲਿਆਂ ਨੂੰ ਸਹੂਲਤ ਮਿਲੇਗੀ, ਸਗੋਂ ਰਾਜਧਾਨੀ ਵਿਚ ਪ੍ਰਦੂਸ਼ਣ ਘਟਾਉਣ ਦੀ ਦਿਸ਼ਾ ਵਿਚ ਵੀ ਇਹ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

12 ਜ਼ੋਨਾਂ ਵਿਚ ਪੜਾਅਵਾਰ ਤਰੀਕੇ ਨਾਲ ਲੱਗਣਗੇ ਸਟੇਸ਼ਨ

ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਹ ਚਾਰਜਿੰਗ ਸਟੇਸ਼ਨ ਨਿਗਮ ਦੇ ਸਾਰੇ 12 ਜ਼ੋਨਾਂ ਵਿਚ ਪੜਾਅਵਾਰ ਤਰੀਕੇ ਨਾਲ ਸਥਾਪਿਤ ਕੀਤੇ ਜਾਣਗੇ। ਇਸ ਦੇ ਲਈ ਕੇਂਦਰ ਸਰਕਾਰ ਦੀ ਨੀਤੀ ਤਹਿਤ ਵੱਖ-ਵੱਖ ਪੀ.ਐੱਸ.ਯੂ. ਕੰਪਨੀਆਂ ਅਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਯੋਜਨਾ ਦੇ ਤਹਿਤ ਚਾਰਜਿੰਗ ਸਟੇਸ਼ਨਾਂ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ ਕਿ ਆਮ ਲੋਕਾਂ ਨੂੰ ਆਪਣੇ ਘਰਾਂ, ਕਾਲੋਨੀਆਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਦੇ ਨੇੜੇ ਹੀ ਚਾਰਜਿੰਗ ਦੀ ਸਹੂਲਤ ਮਿਲ ਸਕੇ। ਕਈ ਰਿਹਾਇਸ਼ੀ ਸੁਸਾਇਟੀਆਂ ਅਤੇ ਮੁੱਖ ਬਾਜ਼ਾਰਾਂ ਦੇ ਆਲੇ-ਦੁਆਲੇ ਇਹ ਸਟੇਸ਼ਨ ਲਾਏ ਜਾਣਗੇ, ਤਾਂ ਜੋ ਈ. ਵੀ. ਚਾਲਕਾਂ ਨੂੰ ਲੰਬੀ ਦੂਰੀ ਤੈਅ ਨਾ ਕਰਨੀ ਪਵੇ।

ਬੈਟਰੀ ਸਵੈਪਿੰਗ ਸਟੇਸ਼ਨਾਂ ਨੂੰ ਵੀ ਹੱਲਾਸ਼ੇਰੀ

ਅਧਿਕਾਰੀਆਂ ਨੇ ਦੱਸਿਆ ਕਿ ਆਮ ਤੌਰ ’ਤੇ ਹਰ ਚਾਰਜਿੰਗ ਸਟੇਸ਼ਨ ’ਤੇ 2 ਤੋਂ 4 ਚਾਰਜਿੰਗ ਯੂਨਿਟ ਲਗਾਏ ਜਾਣਗੇ। ਉੱਥੇ ਹੀ ਲੋੜ ਵਾਲੇ ਇਲਾਕਿਆਂ ਵਿਚ ਇਸ ਤੋਂ ਵੱਧ ਯੂਨਿਟ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਸਟੇਸ਼ਨਾਂ ’ਤੇ ਦੋ ਪਹੀਆ ਅਤੇ ਚਾਰ ਪਹੀਆ, ਦੋਵਾਂ ਤਰ੍ਹਾਂ ਦੇ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਦੀ ਸਹੂਲਤ ਉਪਲਬਧ ਹੋਵੇਗੀ। ਨਗਰ ਨਿਗਮ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਿਰਫ਼ ਚਾਰਜਿੰਗ ਹੀ ਨਹੀਂ, ਸਗੋਂ ਬੈਟਰੀ ਸਵੈਪਿੰਗ (ਬੈਟਰੀ ਬਦਲਣ ਵਾਲੇ) ਸਟੇਸ਼ਨ ਵੀ ਵਿਕਸਿਤ ਕੀਤੇ ਜਾਣਗੇ। ਇਸ ਨਾਲ ਘੱਟ ਸਮੇਂ ਵਿਚ ਬੈਟਰੀ ਬਦਲਣ ਦੀ ਸਹੂਲਤ ਮਿਲੇਗੀ, ਖ਼ਾਸ ਕਰ ਕੇ ਦੋ ਪਹੀਆ ਈ. ਵੀ. ਚਲਾਉਣ ਵਾਲਿਆਂ ਨੂੰ ਇਸ ਦਾ ਵੱਡਾ ਲਾਭ ਹੋਵੇਗਾ।

ਇਲੈਕਟ੍ਰਿਕ ਵਾਹਨਾਂ ਰਾਹੀਂ ਜ਼ੀਰੋ ਨਿਕਾਸੀ ਦਾ ਟੀਚਾ

ਅਧਿਕਾਰੀਆਂ ਮੁਤਾਬਕ ਦਿੱਲੀ ਵਿਚ ਪਹਿਲਾਂ ਹੀ 422 ਈ. ਵੀ. ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾ ਚੁੱਕੇ ਹਨ। ਹੁਣ 600 ਨਵੇਂ ਸਟੇਸ਼ਨ ਜੁੜਨ ਨਾਲ ਰਾਜਧਾਨੀ ਵਿਚ ਈ. ਵੀ. ਚਾਰਜਿੰਗ ਦਾ ਨੈੱਟਵਰਕ ਹੋਰ ਵੀ ਮਜ਼ਬੂਤ ਹੋ ਜਾਵੇਗਾ। ਆਟੋ ਮਾਹਿਰਾਂ ਦਾ ਕਹਿਣਾ ਹੈ ਕਿ ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨ ਪੂਰੀ ਤਰ੍ਹਾਂ ਬਿਜਲੀ ’ਤੇ ਚੱਲਦੇ ਹਨ ਅਤੇ ਇਨ੍ਹਾਂ ਵਿਚ ਪੈਟਰੋਲ ਜਾਂ ਡੀਜ਼ਲ ਇੰਜਣ ਨਹੀਂ ਹੁੰਦਾ, ਜਿਸ ਕਾਰਨ ਇਹ ਜ਼ੀਰੋ ਕਾਰਬਨ ਨਿਕਾਸ ਕਰਦੇ ਹਨ। ਇਸ ਦੇ ਮੁਕਾਬਲੇ ਹਾਈਬ੍ਰਿਡ ਵਾਹਨਾਂ ਵਿਚ ਇਲੈਕਟ੍ਰਿਕ ਮੋਟਰ ਦੇ ਨਾਲ-ਨਾਲ ਪੈਟਰੋਲ ਇੰਜਣ ਵੀ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News