''ਨਫ਼ਰਤ ਦੀ ਰਾਜਨੀਤੀ'' ਜ਼ਿਆਦਾ ਦਿਨਾਂ ਤੱਕ ਨਹੀਂ ਚੱਲੇਗੀ : ਰਾਹੁਲ ਗਾਂਧੀ

Friday, Jan 13, 2023 - 05:57 PM (IST)

''ਨਫ਼ਰਤ ਦੀ ਰਾਜਨੀਤੀ'' ਜ਼ਿਆਦਾ ਦਿਨਾਂ ਤੱਕ ਨਹੀਂ ਚੱਲੇਗੀ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੁਝ ‘ਵੰਡਣ ਵਾਲੀਆਂ ਤਾਕਤਾਂ’ ਦੇਸ਼ ਦੀ ਵਿਭਿੰਨਤਾ ਨੂੰ ਦੇਸ਼ ਵਾਸੀਆਂ ਖ਼ਿਲਾਫ਼ ਹੀ ਇਸਤੇਮਾਲ ਕਰ ਰਹੀਆਂ ਹਨ ਪਰ ‘ਨਫ਼ਰਤ ਦੀ ਰਾਜਨੀਤੀ’ ਜ਼ਿਆਦਾ ਦੇਰ ਨਹੀਂ ਚੱਲਣ ਵਾਲੀ ਹੈ। ਉਨ੍ਹਾਂ ਇਹ ਟਿੱਪਣੀ ਇਕ ਪੱਤਰ ਵਿਚ ਕੀਤੀ ਹੈ ਕਿ ਕਾਂਗਰਸ ਆਪਣੀ 'ਹੱਥ ਨਾਲ ਹੱਥ ਜੋੜੋ ਮੁਹਿੰਮ' ਤਹਿਤ ਰਾਹੁਲ ਗਾਂਧੀ ਦੇ ਸੰਦੇਸ਼ ਵਜੋਂ ਲੋਕਾਂ ਵਿਚ ਵੰਡੇਗੀ। ਕਾਂਗਰਸ ਆਪਣੀ 'ਭਾਰਤ ਜੋੜੋ ਯਾਤਰਾ' ਦੇ ਅਗਲੇ ਪ੍ਰੋਗਰਾਮ ਵਜੋਂ ਇਹ ਮੁਹਿੰਮ 26 ਜਨਵਰੀ ਨੂੰ ਸ਼ੁਰੂ ਕਰਨ ਵਾਲੀ ਹੈ, ਜੋ 2 ਮਹੀਨੇ ਤੱਕ ਚੱਲੇਗੀ। ਜਨਤਾ ਨੂੰ ਸੰਦੇਸ਼ ਦੇ ਨਾਲ ਇਸ ਪੱਤਰ 'ਚ ਰਾਹੁਲ ਗਾਂਧੀ ਨੇ ਦਾਅਵਾ ਕੀਤਾ,“ਅੱਜ ਸਾਡੀ ਵਿਭਿੰਨਤਾ ਖ਼ਤਰੇ 'ਚ ਹੈ। ਕੁਝ ਫੁੱਟ ਪਾਊ ਤਾਕਤਾਂ ਸਾਡੀ ਵਿਭਿੰਨਤਾ ਨੂੰ ਸਾਡੇ ਵਿਰੁੱਧ ਵਰਤ ਰਹੀਆਂ ਹਨ। ਇਕ ਧਰਮ ਨੂੰ ਦੂਜੇ ਧਰਮ ਨਾਲ, ਇਕ ਜਾਤੀ ਨੂੰ ਦੂਜੀ ਜਾਤੀ ਨਾਲ, ਇਕ ਭਾਸ਼ਾ ਨੂੰ ਦੂਜੀ ਭਾਸ਼ਾ ਨਾਲ ਅਤੇ ਇਕ ਰਾਜ ਨੂੰ ਦੂਜੇ ਰਾਜ ਨਾਲ ਲੜਾਇਆ ਜਾ ਰਿਹਾ ਹੈ।''

ਉਨ੍ਹਾਂ ਕਿਹਾ,''ਇਹ ਫੁੱਟ ਪਾਉਣ ਵਾਲੀਆਂ ਤਾਕਤਾਂ ਜਾਣਦੀਆਂ ਹਨ ਕਿ ਉਹ ਲੋਕਾਂ ਦੇ ਦਿਲ 'ਚ ਅਸੁਰੱਖਿਆ ਅਤੇ ਡਰ ਪੈਦਾ ਕਰ ਕੇ ਹੀ ਸਮਾਜ 'ਚ ਨਫ਼ਰਤ ਦਾ ਬੀਜ਼ ਬੀਜ ਸਕਦੀਆਂ ਹਨ ਪਰ ਇਸ ਯਾਤਰਾ ਤੋਂ ਬਾਅਦ ਮੈਨੂੰ ਭਰੋਸਾ ਹੋ ਗਿਆ ਹੈ ਕਿ ਨਫ਼ਰਤ ਦੀ ਰਾਜਨੀਤੀ ਦੀਆਂ ਆਪਣੀਆਂ ਹੱਦਾਂ ਹਨ ਅਤੇ ਉਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕਦੀ। ਰਾਹੁਲ ਨੇ ਆਰਥਿਕ ਸੰਕਟ, ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਪੱਤਰ 'ਚ ਕਿਹਾ,''ਮੈਂ ਸੰਸਦ ਤੋਂ ਲੈ ਕੇ ਸੜਕ ਤੱਕ ਹਰ ਦਿਨ ਇਨ੍ਹਾਂ ਬੁਰਾਈਆਂ ਖ਼ਿਲਾਫ਼ ਲੜਾਂਗਾ।'' ਉਨ੍ਹਾਂ ਕਿਹਾ,''ਮੈਂ ਅਜਿਹਾ ਭਾਰਤ ਬਣਾਉਣ ਲਈ ਦ੍ਰਿੜ ਹਾਂ, ਜਿੱਥੇ ਹਰ ਭਾਰਤੀ ਕੋਲ ਸਮਾਜਿਕ ਖੁਸ਼ਹਾਲੀ ਨਾਲ ਆਰਥਿਕ ਤਰੱਕੀ ਲਈ ਸਮਾਨ ਮੌਕੇ ਹੋਣ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਸਹੀ ਕੀਮਤ ਮਿਲੇ, ਛੋਟੇ ਅਤੇ ਮੱਧ ਉਦਯੋਗਾਂ ਨੂੰ ਉਤਸ਼ਾਹ ਮਿਲੇ, ਡੀਜ਼ਲ-ਪੈਟਰੋਲ ਸਸਤਾ ਹੋਵੇ, ਰੁਪਿਆ ਡਾਲਰ ਦੇ ਸਾਹਮਣੇ ਮਜ਼ਬੂਤ ਹੋਵੇ ਅਤੇ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਨਾ ਹੋਵੇ।'' ਰਾਹੁਲ ਨੇ ਕਿਹਾ,''ਅੱਜ ਹਰ ਭਾਰਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਆਪਸੀ ਨਫ਼ਰਤ ਅਤੇ ਝਗੜੇ ਸਾਡੇ ਦੇਸ਼ ਦੇ ਵਿਕਾਸ 'ਚ ਰੁਕਾਵਟ ਹਨ।'' ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ,''ਡਰੋ ਨਾ! ਆਪਣੇ ਦਿਲੋਂ ਡਰ ਕੱਢ ਦਿਓ, ਨਫ਼ਰਤ ਆਪਣੇ ਆਪ ਸਾਡੇ ਸਮਾਜ ਤੋਂ ਖ਼ਤਮ ਹੋ ਜਾਵੇਗੀ।'' ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਵਰਕਰ ਦੇਸ਼ ਦੇ ਹਰ ਪਰਿਵਾਰ ਨੂੰ ਰਾਹੁਲ ਗਾਂਧੀ ਦਾ ਪੱਤਰ ਅਤੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਦੀ ‘ਚਾਰਜਸ਼ੀਟ’ ਵੀ ਸੌਂਪਣਗੇ। ਉਨ੍ਹਾਂ ਕਿਹਾ,''ਕਾਂਗਰਸ ਦੇ ਵਰਕਰ ਵੱਧ ਤੋਂ ਵੱਧ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚਣਗੇ। ਅਸੀਂ ਹਰ ਘਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ।''


author

DIsha

Content Editor

Related News