ਦੀਵਾਲੀ ''ਤੇ ਪੇਕੇ ਗਈ ਪਤਨੀ ਨਹੀਂ ਮੁੜੀ ਘਰ, ਫਿਰ ਪੁਲਸ ਮੁਲਾਜ਼ਮ ਨੇ ਚੁੱਕਿਆ ਇਹ ਵੱਡਾ ਕਦਮ
Sunday, Nov 03, 2024 - 11:30 PM (IST)
ਆਗਰਾ — ਆਬਕਾਰੀ ਵਿਭਾਗ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਨੇ ਦੀਵਾਲੀ ਮੌਕੇ ਪਤਨੀ ਦੇ ਆਪਣੇ ਪੇਕੇ ਘਰ ਤੋਂ ਵਾਪਸ ਨਾ ਆਉਣ 'ਤੇ ਇੱਥੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦੀ ਪਛਾਣ ਅਰਜੁਨ ਸਿੰਘ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਤਨੀ ਅਤੇ ਉਸ ਦੇ ਪੇਕੇ ਪਰਿਵਾਰ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਹੈ।
ਮ੍ਰਿਤਕ ਦੇ ਭਰਾ ਸੁਨੀਲ ਕੁਮਾਰ ਨੇ ਦੱਸਿਆ ਕਿ ਅਰਜਨ ਸਿੰਘ ਆਬਕਾਰੀ ਵਿਭਾਗ ਵਿੱਚ ਕਾਂਸਟੇਬਲ ਸੀ ਅਤੇ ਇਸ ਸਮੇਂ ਸਹਾਰਨਪੁਰ ਵਿੱਚ ਤਾਇਨਾਤ ਸੀ। ਉਸ ਨੇ ਦੱਸਿਆ ਕਿ ਅਰਜੁਨ ਦਾ ਵਿਆਹ 7 ਸਾਲ ਪਹਿਲਾਂ ਸ਼ਾਹਗੰਜ ਥਾਣਾ ਖੇਤਰ ਦੇ ਬੰਸ਼ੀ ਕਾ ਨਗਲਾ ਦੀ ਰਹਿਣ ਵਾਲੀ ਡੌਲੀ ਨਾਂ ਦੀ ਔਰਤ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਪੰਜ ਸਾਲ ਦੀ ਬੇਟੀ ਹੈ ਅਤੇ ਵਿਆਹ ਤੋਂ ਬਾਅਦ ਅਰਜੁਨ ਦੀ ਪਤਨੀ ਜ਼ਿਆਦਾਤਰ ਆਪਣੇ ਪੇਕੇ ਘਰ ਰਹਿੰਦੀ ਹੈ।
ਸੁਨੀਲ ਨੇ ਦੱਸਿਆ ਕਿ ਉਹ ਆਖਰੀ ਵਾਰ ਜੁਲਾਈ 'ਚ ਘਰ ਆਈ ਸੀ। ਉਨ੍ਹਾਂ ਦੱਸਿਆ ਕਿ ਕਰਵਾ ਚੌਥ ਅਤੇ ਦੀਵਾਲੀ 'ਤੇ ਵੀ ਜਦੋਂ ਉਹ ਘਰ ਨਹੀਂ ਆਈ ਤਾਂ ਅਰਜੁਨ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਲੋਹਮੰਡੀ ਥਾਣੇ ਦੇ ਇੰਚਾਰਜ ਇੰਸਪੈਕਟਰ ਰੋਹਿਤ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਅਤੇ ਸਬੂਤਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।