CM ਯੋਗੀ ਦੇ ਐਲਾਨ ਤੋਂ ਬਾਅਦ ਸਖਤੀ, ਨੋਇਡਾ ’ਚ 602 ਮੰਦਿਰਾਂ-265 ਮਸੀਤਾਂ ਨੂੰ ਪੁਲਸ ਨੇ ਭੇਜਿਆ ਨੋਟਿਸ
Thursday, Apr 21, 2022 - 10:48 AM (IST)
ਲਖਨਊ, (ਨਾਸਿਰ)– ਲਾਊਡ ਸਪੀਕਰ ’ਤੇ ਜਾਰੀ ਘਮਸਾਨ ਅਤੇ ਸੀ. ਐੱਮ. ਯੋਗੀ ਆਦਿੱਤਿਆਨਾਥ ਦੇ ਹੁਕਮ ਤੋਂ ਬਾਅਦ ਨੋਇਡਾ ’ਚ 602 ਮੰਦਿਰਾਂ ਅਤੇ 265 ਮਸਜਿਦਾਂ ਨੂੰ ਪੁਲਸ ਨੇ ਨੋਟਿਸ ਜਾਰੀ ਕੀਤਾ ਹੈ। ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਨਿਰਦੇਸ਼ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੰਦਿਰਾਂ, ਮਸਜਿਦਾਂ ਦਾ ਦੌਰਾ ਕੀਤਾ। ਦੱਸ ਦਈਏ ਕਿ ਪੁਲਸ ਕਮਿਸ਼ਨਰ ਵੱਲੋਂ ਮੰਗਲਵਾਰ ਨੂੰ ਜਾਰੀ ਨਿਰਦੇਸ਼ਾਂ ’ਚ ਉਨ੍ਹਾਂ ਨੇ ਲਾਊਡਸਪੀਕਰਾਂ ਦੀ ਵਰਤੋਂ ਨੂੰ ਲੈ ਕੇ ਜਾਰੀ ਨਿਰਦੇਸ਼ਾਂ ਦੀ ਪਾਲਣਾ ਹਰ ਹਾਲ ’ਚ ਕਰਨ ਲਈ ਕਿਹਾ ਹੈ।
ਗੌਤਮ ਬੁੱਧ ਨਗਰ ਪੁਲਸ ਕਮਿਸ਼ਨਰੇਟ ਨੇ ਕਾਰਵਾਈ ਸ਼ੁਰੂ ਕਰਦੇ ਹੋਏ 621 ਮੰਦਿਰਾਂ ’ਚੋਂ 602 ਨੂੰ, 268 ਮਸਜਿਦਾਂ ’ਚੋਂ 265 ਨੂੰ ਅਤੇ 16 ਹੋਰ ਧਾਰਮਿਕ ਸਥਾਨਾਂ ਦੇ ਧਰਮ ਗੁਰੂਆਂ ਅਤੇ ਕਮੇਟੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਹਾਈ ਕੋਰਟ ਦੇ ਧੁਨੀ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਤੇਜ਼ ਆਵਾਜ਼ ’ਚ ਲਾਊਡਸਪੀਕਰ ਜਾਂ ਡੀ. ਜੇ. ਵਜਾਇਆ ਤਾਂ ਕਾਰਵਾਈ ਕੀਤੀ ਜਾਵੇਗੀ। ਨੋਇਡਾ ਪੁਲਸ ਨੇ 217 ਜੰਝ ਘਰਾਂ, 182 ਡੀ. ਜੇ ਸੰਚਾਲਕਾਂ ’ਚੋਂ 175 ਨੂੰ ਵੀ ਨੋਟਿਸ ਜਾਰੀ ਕਰ ਕੇ ਤੇਜ਼ ਆਵਾਜ਼ ’ਚ ਸੰਗੀਤ ਨਾ ਵਜਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਕੰਪਲੈਕਸ ’ਚ ਸੰਗੀਤ ਵੱਜ ਰਿਹਾ ਹੈ, ਉਸ ਤੋਂ ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ।
ਨੋਇਡਾ ’ਚ ਹੁਣ ਧਾਰਮਿਕ ਜਲੂਸ ਜਾਂ ਸ਼ੋਭਾ ਯਾਤਰਾ ਕੱਢਣ ਤੋਂ ਪਹਿਲਾਂ ਐਫੀਡੇਵਿਟ ਵੀ ਦੇਣਾ ਪਵੇਗਾ, ਜਿਸ ’ਚ ਆਯੋਜਕ ਇਹ ਸਪਸ਼ਟ ਕਰਨਗੇ ਕਿ ਪ੍ਰੋਗਰਾਮ ’ਚ ਭੜਕਾਊ ਭਾਸ਼ਣ ਜਾਂ ਪ੍ਰਦਰਸ਼ਨ ਨਹੀਂ ਹੋਵੇਗਾ ਅਤੇ ਜੇ ਅਜਿਹਾ ਹੋਇਆ ਤਾਂ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮਥੁਰਾ (ਭਾਸ਼ਾ)-ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟ੍ਰਸਟ ਅਤੇ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾਨ ਦੇ ਸਕੱਤਰ ਕਪਿਲ ਸ਼ਰਮਾ ਨੇ ਦੱਸਿਆ ਕਿ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ ’ਤੇ ਮਥੁਰਾ ਸਥਿਤ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟ੍ਰਸਟ ਨੇ ਮੰਦਿਰ ’ਚ ਸਥਿਤ ਭਾਗਵਤ ਭਵਨ ਦੇ ਗੁੰਬਦ ’ਤੇ ਲੱਗੇ ਲਾਊਡ ਸਪੀਕਰਾਂ ਨੂੰ ਬੰਦ ਕਰ ਦਿੱਤਾ ਹੈ।