ਹੁਣ ਡਿਊਟੀ ਦੌਰਾਨ ਸੁਰਖ਼ੀ-ਬਿੰਦੀ ਨਹੀਂ ਲਾ ਸਕਣਗੀਆਂ ''ਪੁਲਸ ਵਾਲੀਆਂ'' ! ਜਾਰੀ ਹੋਏ ਨਵੇਂ ਨਿਰਦੇਸ਼
Thursday, Jul 10, 2025 - 03:18 PM (IST)

ਨੈਸ਼ਨਲ ਡੈਸਕ- ਬਿਹਾਰ ਪੁਲਸ ਨੇ ਡਿਊਟੀ 'ਤੇ ਤਾਇਨਾਤ ਮਹਿਲਾ ਮੁਲਾਜ਼ਮਾਂ ਲਈ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਪੁਲਸ ਹੈੱਡਕੁਆਰਟਰ ਵੱਲੋਂ ਜਾਰੀ ਹੋਏ ਇਸ ਨਵੇਂ ਹੁਕਮ ਮੁਤਾਬਕ ਮਹਿਲਾ ਮੁਲਾਜ਼ਮ ਹੁਣ ਡਿਊਟੀ ਦੌਰਾਨ ਮੇਕ-ਅਪ ਨਹੀਂ ਕਰ ਸਕਣਗੀਆਂ ਤੇ ਨਾ ਹੀ ਗਹਿਣੇ ਪਾ ਸਕਣਗੀਆਂ। ਇਸ ਹੁਕਮ ਦਾ ਉਦੇਸ਼ ਅਨੁਸ਼ਾਸਨ ਦੀ ਸਖ਼ਤੀ ਨਾਲ ਪਾਲਣਾ ਕਰਨਾ ਹੈ।
ਇਹ ਹੁਕਮ ਏ.ਡੀ.ਜੀ. (ਲਾਅ ਐਂਡ ਆਰਡਰ) ਪੰਕਜ ਦਰਾਦ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਮਗਰੋਂ ਜਾਰੀ ਕੀਤਾ ਹੈ, ਜਿਨ੍ਹਾਂ 'ਚ ਮਹਿਲਾ ਪੁਲਸ ਮੁਲਾਜ਼ਮ ਡਿਊਟੀ ਦੌਰਾਨ ਮੇਕਅਪ ਕਰ ਕੇ ਤੇ ਵਰਦੀ ਪਾ ਕੇ ਰੀਲਜ਼ ਬਣਾ ਰਹੀਆਂ ਹਨ। ਇਸ ਤੋਂ ਇਲਾਵਾ ਡਿਊਟੀ ਦੌਰਾਨ ਰੀਲਜ਼ ਬਣਾਉਣਾ, ਹਥਿਆਰ ਦਿਖਾਉਣਾ, ਮਿਊਜ਼ਿਕ ਸੁਣਨ ਲਈ ਬਲੂਟੁੱਥ ਹੈੱਡਫੋਨਾਂ ਦੀ ਵਰਤੋਂ ਤੇ ਲੰਬੇ ਸਮੇਂ ਤੱਕ ਫ਼ੋਨਾਂ 'ਤੇ ਗੱਲ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਕ ਹੋਰ ਭਾਰਤੀ ਨੂੰ ਦੇਸ਼ ਨਿਕਾਲਾ ! ਅਸਾਈਲਮ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਣਾਇਆ ਹੁਕਮ
ਇਸ ਤੋਂ ਇਲਾਵਾ ਇਹ ਹੁਕਮ ਸਿਰਫ਼ ਮਹਿਲਾ ਮੁਲਾਜ਼ਮਾਂ 'ਤੇ ਹੀ ਨਹੀਂ, ਸਗੋਂ ਪੁਰਸ਼ ਮੁਲਾਜ਼ਮਾਂ 'ਤੇ ਵੀ ਲਾਗੂ ਹੁੰਦੇ ਹਨ। ਡਿਊਟੀ ਦੌਰਾਨ ਉਨ੍ਹਾਂ ਨੂੰ ਪੂਰੀ ਵਰਦੀ ਪਾਉਣੀ ਪਵੇਗੀ ਤੇ ਉਪਰੋਕਤ ਉਲੰਘਣਾਵਾਂ ਕਾਰਨ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਦੀ ਪਛਾਣ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸੂਬਾ ਪੁਲਸ ਵੱਲੋਂ ਡਿਊਟੀ ਦੌਰਾਨ ਡਰੈੱਸ ਕੋਡ, ਫੋਨ ਦੀ ਵਰਤੋਂ, ਵੀਡੀਓ ਕਾਲਜ਼ ਆਦਿ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਇਹ ਪਹਿਲੀ ਵਾਰ ਹੈ, ਜਦੋਂ ਮਹਿਲਾ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਮੇਕਅੱਪ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e