ਪੁਲਸ ਨੇ ਫੜ੍ਹਿਆ ਦੇਸ਼ ਦਾ ਸਭ ਤੋਂ ਵੱਡਾ ਸਾਈਬਰ ਫਰਾਡ ਗੈਂਗ; 10 ਕਰੋੜ ਜ਼ਬਤ
Tuesday, Aug 30, 2022 - 04:56 PM (IST)
ਹੈਦਰਾਬਾਦ– ਪੁਲਸ ਨੇ ਅੰਤਰਰਾਜੀ ਸਾਈਬਰ ਧੋਖੇਬਾਜ਼ਾਂ ਦੇ ਇਕ ਵੱਡੇ ਗੈਂਗ ਦਾ ਭਾਂਡਾ ਭੰਨ੍ਹਦੇ ਹੋਏ 10 ਕਰੋੜ ਰੁਪਏ ਜ਼ਬਤ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿਚ ਸਾਈਬਰ ਅਪਰਾਧ ਦੇ ਮਾਮਲੇ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਪੁਲਸ ਨੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਾਸੂਮ ਲੋਕਾਂ ਨੂੰ ‘ਮਾਰਕੀਟ ਬਾਕਸ’ ਟ੍ਰੇਡਿੰਗ ਐਪਲੀਕੇਸ਼ਨ ਰਾਹੀਂ ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਸ ਮੁਤਾਬਕ ਧੋਖੇਬਾਜ਼ਾਂ ਨੇ ਸ਼ਿਕਾਇਤਕਰਤਾ ਨਾਲ 27.90 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਸੀ।
ਸ਼ਿਕਾਇਤਕਰਤਾ ਨੇ ‘ਮਾਰਕੀਟ ਬਾਕਸ’ ਟ੍ਰੇਡਿੰਗ ਐਪਲੀਕੇਸ਼ਨ ’ਤੇ ਆਨਲਾਈਨ ਟ੍ਰੇਡਿੰਗ ਸ਼ੁਰੂ ਕੀਤੀ ਸੀ। ਉਸ ਨੇ ਪਹਿਲਾਂ 9,999 ਰੁਪਏ ਇਨਵੈਸਟ ਕੀਤੇ ਅਤੇ ਪੂਰੀ ਰਾਸ਼ੀ ਗੁਆ ਦਿੱਤੀ। ਇਸ ਤੋਂ ਬਾਅਦ ਉਸ ਨੇ ਫਿਰ ਤੋਂ 10 ਲੱਖ ਰੁਪਏ ਜਮ੍ਹਾ ਕੀਤੇ ਅਤੇ 14.9 ਲੱਖ ਰੁਪਏ ਪ੍ਰਾਪਤ ਕੀਤੇ। ਇਸੇ ਤਰ੍ਹਾਂ ਉਸ ਨੇ 62.6 ਲੱਖ ਰੁਪਏ ਇਨਵੈਸਟ ਕਰ ਦਿੱਤੇ ਅਤੇ 34.7 ਲੱਖ ਰੁਪਏ ਵਾਪਸ ਹਾਸਲ ਕੀਤੇ।
ਇਸ ਤਰ੍ਹਾਂ ਉਸ ਨੂੰ 27.90 ਲੱਖ ਰੁਪਏ ਦਾ ਨੁਕਸਾਨ ਹੋਇਆ। ਆਪਣੇ ਨਾਲ ਹੋਈ ਧੋਖਾਦੇਹੀ ਦਾ ਖਦਸ਼ਾ ਹੋਣ ’ਤੇ ਸ਼ਿਕਾਇਤਕਰਤਾ ਪੁਲਸ ਕੋਲ ਪੁੱਜਾ। ਇਸ ਮਾਮਲੇ ਵਿਚ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 419, 420 ਅਤੇ ਆਈ. ਟੀ. ਐਕਟ ਦੀ ਧਾਰਾ 66ਸੀ, 66ਡੀ ਤਹਿਤ ਮੁਕੱਦਮਾ ਦਰਜ ਕੀਤਾ।