ਕੋਰੋਨਾ ਦੀ ਦਵਾਈ ਦੱਸ ਕੇ ਖਵਾਈਆਂ ਜ਼ਹਿਰ ਦੀਆਂ ਗੋਲੀਆਂ, 3 ਦੀ ਮੌਤ
Tuesday, Jun 29, 2021 - 11:21 AM (IST)
ਨਵੀਂ ਦਿੱਲੀ– ਤਾਮਿਲਨਾਡੂ ਦੇ ਇਰੋਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ ਨੂੰ ਕੋਰੋਨਾ ਦੇ ਇਲਾਜ ਦੀ ਦਵਾਈ ਦੱਸ ਕੇ ਜ਼ਹਿਰ ਦੀਆਂ ਗੋਲੀਆਂ ਦੇ ਦਿੱਤੀਆਂ ਗਈਆਂ, ਜਿਸ ਨਾਲ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਇਸ ਮਾਮਲੇ ’ਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਕੀਝਵਾਨੀ ਪਿੰਡ ਦੇ ਮੁੱਖ ਮੁਲਜ਼ਮ ਆਰ. ਕਲਿਆਣਸੁੰਦਰਮ (43) ਨੇ ਕੁਝ ਮਹੀਨੇ ਪਹਿਲਾਂ ਕਰੂੰਗੌਂਦਨਵਾਲਾਸੂ ਪਿੰਡ ਦੇ ਕਰੱਪਨਕੁੰਡਰ (72) ਤੋਂ 15 ਲੱਖ ਰੁਪਏ ਉਧਾਰ ਲਏ ਸਨ। ਕਰਜ਼ਾ ਨਾ ਚੁਕਾਉਣਾ ਪਵੇ, ਇਸ ਦੇ ਲਈ ਉਸ ਨੇ ਕਰੱਪਨਕੁੰਡਰ ਤੇ ਉਸ ਦੇ ਪਰਿਵਾਰ ਤੋਂ ਛੁਟਕਾਰਾ ਪਾਉਣ ਦਾ ਦਾ ਫੈਸਲਾ ਕੀਤਾ। ਕਲਿਆਣਸੁੰਦਰਮ ਨੇ ਇਸ ਕੰਮ ਲਈ ਸਬਰੀ ਨਾਂ ਦੇ ਵਿਅਕਤੀ ਦੀ ਮਦਦ ਮੰਗੀ, ਜੋ ਸਿਹਤ ਵਿਭਾਗ ਦੇ ਮੁਲਾਜ਼ਮ ਦੇ ਤੌਰ ’ਤੇ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਉਸ ਨੇ ਪਰਿਵਾਰ ਨੂੰ ਜ਼ਹਿਰ ਦੀਆਂ ਗੋਲੀਆਂ ਦੇ ਦਿੱਤੀਆਂ। 26 ਜੂਨ ਨੂੰ ਉਥੇ ਜਾ ਕੇ ਸਬਰੀ ਨੇ ਕਰੱਪਨਕੁੰਡਰ ਤੋਂ ਪੁੱਛਿਆ ਕਿ ਪਰਿਵਾਰ ’ਚ ਕਿਸੇ ਨੂੰ ਖੰਘ, ਜੁਕਾਮ ਆਦਿ ਤਾਂ ਨਹੀਂ। ਇਸ ਤੋਂ ਬਾਅਦ ਸਬਰੀ ਨੇ ਜਾਂਦੇ-ਜਾਂਦੇ ਜ਼ਹਿਰ ਦੀਆਂ ਕੁਝ ਗੋਲੀਆਂ ਕਰੱਪਨਕੁੰਡਰ ਨੂੰ ਫੜਾ ਦਿੱਤੀਆਂ ਅਤੇ ਕਿਹਾ ਕਿ ਇਹ ਇਮਿਊਨਿਟੀ ਬੂਸਟ ਕਰਨ ਦੀ ਦਵਾਈ ਹੈ ਜੋ ਕੋਰੋਨਾ ਤੋਂ ਰੱਖਿਆ ਕਰਦੀ ਹੈ।
ਸਬਰੀ ਦੇ ਜਾਣ ਤੋਂ ਬਾਅਦ ਕਰੱਪਨਕੁੰਡਰ, ਉਸ ਦੀ ਪਤਨੀ, ਬੇਟੀ ਅਤੇ ਘਰ ’ਚ ਕੰਮ ਕਰਨ ਵਾਲੀ ਨੇ ਇਹ ਦਵਾਈ ਖਾ ਲਈ। ਜਿਸ ਤੋਂ ਬਾਅਦ ਚਾਰੇ ਬੇਹੋਸ਼ ਹੋ ਗਏ। ਗੁਆਂਢੀਆਂ ਨੇ ਸੂਚਨਾ ਮਿਲਦੇ ਹੀ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਕਰੱਪਨਕੁੰਡਰ ਦੀ ਪਤਨੀ ਮੱਲਿਕਾ, ਬੇਟੀ ਦੀਪਾ ਅਤੇ ਕੰਮ ਕਰਨ ਵਾਲੀ ਕੁੱਪਲ ਦੀ ਮੌਤ ਹੋ ਗਈ। ਫਿਲਹਾਲ ਕਰੱਪਨਕੁੰਡਰ ਦੀ ਹਾਲਤ ਗੰਭੀਰ ਹੈ।