PM ਮੋਦੀ ਨੂੰ ''ਮਾਫ਼ੀਵੀਰ'' ਬਣਨਾ ਹੋਵੇਗਾ, ''ਅਗਨੀਪਥ'' ਯੋਜਨਾ ਲੈਣੀ ਪਵੇਗੀ ਵਾਪਸ : ਰਾਹੁਲ ਗਾਂਧੀ

06/18/2022 11:25:17 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਵਾਦਿਤ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਪਏ ਸਨ, ਉਸੇ ਤਰ੍ਹਾਂ ਉਨ੍ਹਾਂ ਨੂੰ ਨੌਜਵਾਨਾਂ ਦੀ ਮੰਗ ਸਵੀਕਾਰ ਕਰਨੀ ਹੋਵੇਗੀ ਅਤੇ 'ਅਗਨੀਪਥ' ਰੱਖਿਆ ਭਰਤੀ ਯੋਜਨਾ ਵਾਪਸ ਲੈਣੀ ਪਵੇਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਲਗਾਤਾਰ 8 ਸਾਲਾਂ ਤੋਂ 'ਜੈ ਜਵਾਨ, ਜੈ ਕਿਸਾਨ' ਦੀਆਂ ਕਦਰਾਂ-ਕੀਮਤਾਂ ਦਾ 'ਅਪਮਾਨ' ਕਰ ਰਹੀ ਹੈ। 'ਅਗਨੀਪਥ' ਯੋਜਨਾ ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਕੁਝ ਸੂਬਿਆਂ ਵਿਚ ਰਾਜਮਾਰਗ ਅਤੇ ਰੇਲਵੇ ਸਟੇਸ਼ਨ 'ਚ ਹਿੰਸਾ ਦੇਖੀ ਗਈ। ਤੇਲੰਗਾਨਾ ਦੇ ਸਿਕੰਦਰਾਬਾਦ ਵਿਚ ਪੁਲਸ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ ਕੁਝ ਸ਼ਹਿਰਾਂ ਵਿਚ ਰੇਲ ਗੱਡੀਆਂ ਨੂੰ ਅੱਗ ਲਗਾਏ ਜਾਣ ਅਤੇ ਨਿੱਜੀ ਤੇ ਜਨਤਕ ਵਾਹਨਾਂ ਦੀ ਭੰਨਤੋੜ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

PunjabKesari

ਰਾਹੁਲ ਨੇ ਟਵੀਟ ਕੀਤਾ,''8 ਸਾਲਾਂ ਤੋਂ ਭਾਜਪਾ ਸਰਕਾਰ ਨੇ 'ਜੈ ਜਵਾਨ, ਜੈ ਕਿਸਾਨ' ਦੇ ਮੁੱਲਾਂ ਦਾ ਲਗਾਤਾਰ ਅਪਮਾਨ ਕੀਤਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਨੂੰ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਠੀਕ ਉਸੇ ਤਰ੍ਹਾਂ ਉਨ੍ਹਾਂ ਨੂੰ 'ਮਾਫ਼ੀਵੀਰ' ਬਣ ਕੇ ਦੇਸ਼ ਦੇ ਨੌਜਵਾਨਾਂ ਦੀ ਗੱਲ ਮੰਨਣੀ ਪਵੇਗੀ ਅਤੇ 'ਅਗਨੀਪਥ' ਨੂੰ ਵਾਪਸ ਲੈਣਾ ਹੀ ਪਵੇਗਾ।'' ਸਰਕਾਰ ਨੇ ਮੰਗਲਵਾਰ ਨੂੰ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਸੀ ਕਿ ਸਾਢੇ 17 ਤੋਂ 21 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਨੂੰ ਸੰਵਿਦਾ ਦੇ ਆਧਾਰ 'ਤੇ 4 ਸਾਲ ਦੇ ਕਾਰਜਕਾਲ ਲਈ ਥਲ ਸੈਨਾ, ਹਵਾਈ ਸੈਨਾ, ਜਲ ਸੈਨਾ 'ਚ ਭਰਤੀ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਸੀ ਕਿ ਰੱਖਿਆ ਜ਼ਰੂਰਤਾਂ ਦੇ ਆਧਾਰ 'ਤੇ 25 ਫੀਸਦੀ ਜਵਾਨਾਂ ਨੂੰ ਨਿਯਮਿਤ ਸੇਵਾ ਲਈ ਬਰਕਰਾਰ ਰੱਖਿਆ ਜਾਵੇਗਾ। 'ਅਗਨੀਪਥ' ਯੋਜਨਾ ਨੂੰ ਲੈ ਕੇ ਵਧਦੇ ਵਿਰੋਧ ਦੇ ਮੱਦੇਨਜ਼ਰ ਭਰਤੀ ਲਈ ਉੱਪਰੀ ਉਮਰ ਹੱਦ ਵੀਰਵਾਰ ਨੂੰ ਵਧਾ ਕੇ 23 ਸਾਲ ਕਰ ਦਿੱਤੀ ਗਈ ਸੀ। ਨਵੀਂ ਭਰਤੀ ਯੋਜਨਾ ਨੂੰ ਸਰਕਾਰ ਨੇ ਤਿੰਨਾਂ ਸੈਨਾਵਾਂ 'ਚ ਨੌਜਵਾਨਾਂ ਦੀ ਗਿਣਤੀ ਵਧਾਉਣ ਲਈ ਦਹਾਕਿਆਂ ਪੁਰਾਣੀ ਚੋਣ ਪ੍ਰਕਿਰਿਆ 'ਚ ਇਕ ਵੱਡੀ ਤਬਦੀਲੀ ਦੇ ਰੂਪ 'ਚ ਪੇਸ਼ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News