ਦੇਸ਼ ਦੇ ਭਵਿੱਖ ਨਾਲ ਖੇਡ ਰਹੇ ਹਨ PM ਮੋਦੀ : ਰਾਹੁਲ ਗਾਂਧੀ
Thursday, Jun 24, 2021 - 06:02 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 'ਟੌਇਕੈਥਨ-2021' ਦੇ ਭਾਗੀਦਾਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ 'ਤੇ ਤੰਜ ਕੱਸਿਆ। ਰਾਹੁਲ ਨੇ ਕਿਹਾ ਕਿ ਸੂਖਮ, ਲਘੁ ਅਤੇ ਮੱਧਮ ਉਦਯੋਗ (ਐੱਮ.ਐੱਸ.ਐੱਮ.ਈ.) ਦੇ ਖੇਤਰ 'ਚ ਰੁਜ਼ਗਾਰ ਦੇਣ ਵਾਲੇ ਹੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਧਿਆਨ ਭਟਕਾ ਕੇ ਦੇਸ਼ ਦੇ ਭਵਿੱਖ ਨਾਲ ਖੇਡ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ,''ਅੱਜ ਐੱਮ.ਐੱਸ.ਐੱਮ.ਈ. ਖੇਤਰ 'ਚ ਰੁਜ਼ਗਾਰ ਦੇਣ ਵਾਲੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਨਾਟਕ ਨਾਲ ਭਾਰਤ ਦੇ ਮੌਜੂਦਾ ਸਮੇਂ ਤੋਂ ਧਿਆਨ ਭਟਕਾ ਰਹੇ ਹਨ ਅਤੇ ਭਵਿੱਖ ਨਾਲ ਖੇਡ ਰਹੇ ਹਨ।''
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਟੌਇਕੈਥਨ-2021 ਦੇ ਭਾਗੀਦਾਰਾਂ ਨਾਲ ਵੀਡੀਓਕਾਨਫਰੰਸ ਦੇ ਮਾਧਿਅਮ ਨਾਲ ਗੱਲਬਾਤ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਦੀ ਮੌਜੂਦਾ ਸਮਰੱਥਾ, ਉਸ ਦੀ ਕਲਾ-ਸੰਸਕ੍ਰਿਤ ਨੂੰ ਅਤੇ ਭਾਰਤੀ ਸਮਾਜ ਨੂੰ ਅੱਜ ਦੁਨੀਆ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝਣਾ ਚਾਹੁੰਦੀ ਹੈ ਅਤੇ ਇਸ 'ਚ ਖਿਡੌਣੇ ਅਤੇ ਗੇਮਿੰਗ ਉਦਯੋਗ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਪਰੰਪਰਾ ਅਤੇ ਤਕਨਾਲੋਜੀ ਨੂੰ ਸ਼ਾਮਲ ਕਰ ਕੇ ਚਲਾਏ ਜਾਣ ਵਾਲੇ 'ਆਤਮਨਿਰਭਰ ਭਾਰਤ' ਮੁਹਿੰਮ ਨੂੰ ਬਹੁਤ ਵੱਡੀ ਤਾਕਤ ਦੱਸਦੇ ਹੋਏ ਗਲੋਬਲ ਖਿਡੌਣਾ ਬਜ਼ਾਰ 'ਚ ਭਾਰਤ ਦੀ ਹਿੱਸੇਦਾਰੀ ਵਧਾਉਣ ਦੀ ਅਪੀਲ ਕੀਤੀ।