ਮੋਦੀ ਦੀ ਜਾਨ ਨੂੰ ਖਤਰਾ : ਸੁਰੱਖਿਆ ਵਧੀ; ਬਿਨਾਂ ਆਗਿਆ ਮੰਤਰੀ ਵੀ ਨਹੀਂ ਮਿਲ ਸਕਣਗੇ
Wednesday, Jun 27, 2018 - 10:11 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ 'ਤੇ ਇਸ ਸਮੇਂ ਵੱਧ ਖਤਰਾ ਮੰਡਰਾ ਰਿਹਾ ਹੈ। ਇਹ ਜਾਣਕਾਰੀ ਗ੍ਰਹਿ ਮੰਤਰਾਲਾ ਦੀ ਇਕ ਰਿਪੋਰਟ ਤੋਂ ਮਿਲੀ ਹੈ। ਇਸ ਨੂੰ ਧਿਆਨ ਵਿਚ ਰਖਦਿਆਂ ਮੋਦੀ ਦੀ ਸੁਰੱਖਿਆ ਹੋਰ ਮਜ਼ਬੂਤ ਕੀਤੀ ਜਾ ਰਹੀ ਹੈ। ਸੂਬਿਆਂ ਨੂੰ ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਮੰਤਰੀਆਂ ਅਤੇ ਅਧਿਕਾਰੀਆਂ ਤਕ ਨੂੰ ਵੀ ਐੱਸ. ਪੀ. ਜੀ. ਦੀ ਆਗਿਆ ਤੋਂ ਬਿਨਾਂ ਪ੍ਰਧਾਨ ਮੰਤਰੀ ਦੇ ਬਿਲਕੁੱਲ ਨੇੜੇ ਨਾ ਪਹੁੰਚਣ ਦਿੱਤਾ ਜਾਏ।
ਘਟਨਾ ਚੱਕਰ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਮੋਦੀ 'ਤੇ ਇਸ ਸਮੇਂ ਸਭ ਤੋਂ ਵੱਧ ਖਤਰਾ ਮੰਡਰਾ ਰਿਹਾ ਹੈ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਸਭ ਤੋਂ ਵੱਧ ਨਿਸ਼ਾਨੇ 'ਤੇ ਹਨ।
ਮੰਤਰਾਲਾ ਨੇ ਆਪਣੇ ਸਰਕੂਲਰ 'ਚ ਮੋਦੀ ਨੂੰ ਅਗਿਆਤ ਖਤਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਨੂੰ ਵੀ ਇਥੋਂ ਤਕ ਕਿ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਵੀ ਐੱਸ. ਪੀ. ਜੀ. ਦੀ ਆਗਿਆ ਤੋਂ ਬਿਨਾਂ ਉਨ੍ਹਾਂ ਦੇ ਨੇੜੇ ਪਹੁੰਚਣ ਦੀ ਆਗਿਆ ਨਹੀਂ ਹੋਵੇਗੀ।
ਸਮਝਿਆ ਜਾਂਦਾ ਹੈ ਕਿ ਐੱਸ. ਪੀ. ਜੀ. ਨੇ ਸੱਤਾਧਾਰੀ ਭਾਜਪਾ ਦੇ ਮੁੱਖ ਪ੍ਰਚਾਰਕ ਮੋਦੀ ਨੂੰ ਆਮ ਚੋਣਾਂ ਸਬੰਧੀ ਰੋਡ ਸ਼ੋਅ ਘੱਟ ਕਰਨ ਅਤੇ ਉਸ ਦੀ ਥਾਂ ਜਲਸੇ ਕਰਨ ਦੀ ਸਲਾਹ ਦਿੱਤੀ ਹੈ। ਰੋਡ ਸ਼ੋਅ ਦੌਰਾਨ ਹਰ ਤਰ੍ਹਾਂ ਦੇ ਖਤਰੇ ਦਾ ਡਰ ਵੱਧ ਹੁੰਦਾ ਹੈ। ਮੋਦੀ ਦੀ ਸੁਰੱਖਿਆ ਟੀਮ ਨੂੰ ਨਵੇਂ ਨਿਯਮਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਸਾਰੇ ਸੁਰੱਖਿਆ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ ਹੈ।
2 ਘਟਨਾਵਾਂ ਪਿੱਛੋਂ ਲਿਆ ਫੈਸਲਾ
ਗ੍ਰਹਿ ਮੰਤਰਾਲਾ ਨੇ ਹੁਣੇ ਜਿਹੇ ਹੀ ਵਾਪਰੀਆਂ 2 ਘਟਨਾਵਾਂ ਨੂੰ ਧਿਆਨ ਵਿਚ ਰਖਦਿਆਂ ਇਹ ਫੈਸਲਾ ਲਿਆ ਹੈ। ਪੁਣੇ ਦੀ ਪੁਲਸ ਨੇ 7 ਜੂਨ ਨੂੰ ਮਾਓਵਾਦੀਆਂ ਨਾਲ ਸੰਪਰਕ ਦੇ ਦੋਸ਼ਾਂ ਹੇਠ ਦਿੱਲੀ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚੋਂ 1 ਕੋਲੋਂ ਇਕ ਚਿੱਠੀ ਵੀ ਮਿਲੀ ਸੀ। ਪੁਲਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਚਿੱਠੀ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਾਂਗ ਮੋਦੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਦਾ ਜ਼ਿਕਰ ਸੀ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਦੌਰੇ ਦੌਰਾਨ ਇਕ ਵਿਅਕਤੀ ਨੇ 6 ਸੁਰੱਖਿਆ ਘੇਰਿਆਂ ਨੂੰ ਤੋੜ ਕੇ ਮੋਦੀ ਦੇ ਪੈਰ ਛੂਹੇ ਸਨ।
ਮਾਓਵਾਦ ਪ੍ਰਭਾਵਿਤ ਸੂਬਿਆਂ ਨੂੰ ਅਲਰਟ ਜਾਰੀ
ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਦਿੱਤਾ ਹੈ ਕਿ ਮੋਦੀ ਦੀ ਸੁਰੱਖਿਆ ਦੇ ਪ੍ਰਬੰਧਾਂ 'ਚ ਢੁਕਵੀਂ ਮਜ਼ਬੂਤੀ ਲਿਆਉਣ ਲਈ ਹੋਰ ਏਜੰਸੀਆਂ ਨਾਲ ਮਿਲ ਕੇ ਸਭ ਜ਼ਰੂਰੀ ਕਦਮ ਚੁੱਕੇ ਜਾਣ। ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੇ ਮਾਓਵਾਦ ਪ੍ਰਭਾਵਿਤ ਸੂਬਿਆਂ ਨੂੰ ਗ੍ਰਹਿ ਮੰਤਰਾਲਾ ਨੇ ਅਲਰਟ ਜਾਰੀ ਕਰ ਕੇ ਨਾਜ਼ੁਕ ਐਲਾਨਿਆ ਹੈ। ਇਨ੍ਹਾਂ ਸੂਬਿਆਂ ਦੇ ਪੁਲਸ ਮੁਖੀਆਂ ਨੂੰ ਸਬੰਧਤ ਸੂਬਿਆਂ ਵਿਚ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਵਾਧੂ ਚੌਕਸੀ ਵਰਤਣ ਲਈ ਕਿਹਾ ਗਿਆ ਹੈ।
ਪਾਪੂਲਰ ਫਰੰਟ ਆਫ ਇੰਡੀਆ 'ਤੇ ਨਜ਼ਰ
ਸੁਰੱਖਿਆ ਏਜੰਸੀਆਂ ਨੇ ਕੇਰਲ ਦੇ ਪਾਪੂਲਰ ਫਰੰਟ ਆਫ ਇੰਡੀਆ 'ਤੇ ਵਿਸ਼ੇਸ਼ ਨਜ਼ਰ ਰੱਖੀ ਹੋਈ ਹੈ। ਮੋਦੀ ਦੀ ਹੱਤਿਆ ਲਈ ਇਹ ਸੰਗਠਨ ਵਿਦੇਸ਼ੀ ਅੱਤਵਾਦੀਆਂ ਕੋਲੋਂ ਵੀ ਮਦਦ ਲੈ ਸਕਦਾ ਹੈ।