ਵਾਰਾਣਸੀ ’ਚ ਮੋਦੀ ਦੇ ਰੋਡ ਸ਼ੋਅ ’ਚ ਦਿਖੇਗੀ ਲਘੁ ਭਾਰਤ ਦੀ ਝਲਕ
Friday, May 10, 2024 - 02:01 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਮਈ ਨੂੰ ਵਾਰਾਣਸੀ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ 13 ਮਈ ਨੂੰ ਇਕ ਸ਼ਾਨਦਾਰ ਰੋਡ ਸ਼ੋਅ ਕਰਨਗੇ। ਰੋਡ ਸ਼ੋਅ ਦੌਰਾਨ ਮਾਲਵੀਆ ਸਟੈਚੂ, ਲੰਕਾ ਤੋਂ ਕਾਸ਼ੀ ਵਿਸ਼ਵਨਾਥ ਧਾਮ ਤੱਕ ਲਘੂ ਭਾਰਤ ਦੀ ਝਲਕ ਦੇਖਣ ਨੂੰ ਮਿਲੇਗੀ। ਕਈ ਰਾਜਾਂ ਦੇ ਲੋਕ ਰਵਾਇਤੀ ਪੁਸ਼ਾਕਾਂ ਵਿਚ ਰੋਡ ਸ਼ੋਅ ਦਾ ਸਵਾਗਤ ਕਰਨਗੇ। ਰੋਡ ਸ਼ੋਅ ਦੌਰਾਨ 251 ਡਮਰੂ ਵਾਦਕ, 251 ਸ਼ੰਖ ਵਾਦਕ ਅਤੇ 251 ਬਟੁਕ ਖਿੱਚ ਦਾ ਕੇਂਦਰ ਹੋਣਗੇ।
ਗੋਦੌਲੀਆ ਚੌਰਾਹੇ ਤੋਂ ਵਿਸ਼ਵਨਾਥ ਧਾਮ ਤੱਕ ਡਮਰੂਆਂ ਅਤੇ ਸੰਖ ਵਾਦਨ ਨਾਲ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਰੋਡ ਸ਼ੋਅ ਨੂੰ ਸ਼ਾਨਦਾਰ ਬਣਾਉਣ ਲਈ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਸੁਨੀਲ ਬਾਂਸਲ ਨੇ ਚੋਣ ਦਫ਼ਤਰ ਮਹਿਮੂਰਗੰਜ ਵਿਖੇ ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੇ ਰੂਟ ’ਤੇ ਕੀਤੇ ਗਏ ਰੋਡ ਸ਼ੋਅ ਦੇ ਪ੍ਰਬੰਧਾਂ ਨਾਲ ਜੁੜੇ 11 ਬੀਟ ਰੋਡ ਸ਼ੋਅ ਦੀ ਵਿਵਸਥਾ ਨਾਲ ਜੁੜੇ ਸੀਨੀਅਰ ਅਹੁਦੇਦਾਰਾਂ ਦੀ ਮੀਟਿੰਗ ਵਿਚ ਤਿਆਰੀਆਂ ਦੀ ਸਮੀਖਿਆ ਕੀਤੀ।
ਸੁਨੀਲ ਬਾਂਸਲ ਨੇ ਕਿਹਾ ਕਿ ਰੋਡ ਸ਼ੋਅ ਲਈ ਮਾਲਵੀਯ ਬੁੱਤ ਤੋਂ ਲੈ ਕੇ ਕਾਸ਼ੀ ਵਿਸ਼ਵਨਾਥ ਧਾਮ ਤੱਕ 11 ਬੀਟ ਬਣਾਏ ਗਏ ਅਤੇ ਇਨ੍ਹਾਂ 11 ਬੀਟ ਦੀ ਜ਼ਿੰਮੇਵਾਰੀ ਜਨਤਕ ਨੁਮਾਇੰਦਿਆਂ ਅਤੇ ਸੀਨੀਅਰ ਭਾਜਪਾ ਅਹੁਦੇਦਾਰਾਂ ਨੂੰ ਸੌਂਪੀਆਂ ਗਈਆਂ ਹਨ। ਇਨ੍ਹਾਂ 11 ਬੀਟਾਂ ਦੇ ਤਹਿਤ 10-10 ਪੁਆਇੰਟ ਭਾਵ ਲੱਗਭਗ 100 ਪੁਆਇੰਟ ਬਣਾਏ ਗਏ ਹਨ। ਇਥੇ ਮਰਾਠੀ, ਗੁਜਰਾਤੀ, ਬੰਗਾਲੀ, ਮਹੇਸ਼ਵਰੀ, ਮਾਰਵਾੜੀ, ਤਾਮਿਲ, ਪੰਜਾਬੀ ਆਦਿ ਭਾਈਚਾਰਿਆਂ ਦੇ ਲੋਕ ਆਪਣੇ ਰਵਾਇਤੀ ਪੁਸ਼ਾਕਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨਗੇ। ਸੁਨੀਲ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਪੁਆਇੰਟਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਢੋਲ-ਨਗਾੜੇ ਵਜਾਏ ਜਾਣਗੇ। ਸ਼ਹਿਨਾਈ, ਸ਼ੰਖਨਾਦ ਅਤੇ ਡਮਰੂ ਦਲ ਨਾਲ ਕਾਸ਼ੀ ਦੀ ਜਨਤਾ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰੇਗੀ। ਇਸ ਦੇ ਨਾਲ ਹੀ ਸੱਭਿਆਚਾਰਕ ਪ੍ਰੋਗਰਾਮ, ਲੋਕ ਨਾਚ, ਬਨਾਰਸ ਦੇ ਕਲਾਕਾਰ ਲੋਕ ਗੀਤ ਗਾ ਕੇ ਪੀ. ਐੱਮ. ਮੋਦੀ ਦਾ ਸਵਾਗਤ ਕਰਨਗੇ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਪੀ. ਐੱਮ. ਮੋਦੀ ਦੇ ਸਵਾਗਤ ਲਈ ਅੱਗੇ ਆ ਰਹੇ ਹਨ। ਉਨ੍ਹਾਂ ਵੱਲੋਂ ਮਦਨਪੁਰਾ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।