ਜਿੱਥੇ ਰਾਮ ਸੇਤੂ ਬਣਿਆ, ਉੱਥੋਂ ਮੋਦੀ ਨੇ ਸਮੁੰਦਰ ਨੂੰ ਫੁੱਲ ਕੀਤੇ ਅਰਪਿਤ
Sunday, Jan 21, 2024 - 07:14 PM (IST)
ਰਾਮੇਸ਼ਵਰਮ (ਤਾਮਿਲਨਾਡੂ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਦੇ ਅਰਿਚਲ ਮੁਨਾਈ ਪਹੁੰਚੇ ਅਤੇ ਉਨ੍ਹਾਂ ਨੇ ਸਮੁੰਦਰ ਤਟ ’ਤੇ ਫੁੱਲ ਅਰਪਿਤ ਕੀਤੇ। ਮੋਦੀ ਨੇ ਉੱਥੇ ‘ਪ੍ਰਾਣਾਯਾਮ’ ਵੀ ਕੀਤਾ। ਉਨ੍ਹਾਂ ਨੇ ਸਮੁੰਦਰ ਦਾ ਜਲ ਹੱਥਾਂ ’ਚ ਲੈ ਕੇ ਪ੍ਰਾਰਥਨਾ ਕੀਤੀ ਅਤੇ ਅਰਘ ਦਿੱਤਾ।
ਮੋਦੀ ਨੇ ਰਾਤ ਨੂੰ ਰਾਮੇਸ਼ਵਰਮ ’ਚ ਆਰਾਮ ਕੀਤਾ ਸੀ ਅਤੇ ਇਸ ਤੋਂ ਬਾਅਦ ਉਹ ਅਰਿਚਲ ਮੁਨਾਈ ਗਏ। ਕਿਹਾ ਜਾਂਦਾ ਹੈ ਕਿ ਅਰਿਚਲ ਮੁਨਾਈ ਉਹ ਸਥਾਨ ਹੈ, ਜਿੱਥੇ ਰਾਮ ਸੇਤੂ ਦਾ ਨਿਰਮਾਣ ਹੋਇਆ ਸੀ। ਰਾਮ ਸੇਤੂ ਨੂੰ ‘ਐਡਮ ਬ੍ਰਿਜ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਾ ਨਿਰਮਾਣ ਭਗਵਾਨ ਰਾਮ ਨੇ ਰਾਵਣ ਨਾਲ ਯੁੱਧ ਕਰਨ ਲਈ ਲੰਕਾ ਜਾਣ ਲਈ ‘ਵਾਨਰ ਸੈਨਾ’ ਦੀ ਮਦਦ ਨਾਲ ਕੀਤਾ ਸੀ।
ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਸਮੁੰਦਰ ਤਟ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਚੇਨਈ ’ਚ ‘ਖੇਲੋ ਇੰਡੀਆ ਗੇਮਜ਼ 2023’ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਸ਼੍ਰੀਰੰਗਮ ਅਤੇ ਰਾਮੇਸ਼ਵਰਮ ’ਚ ਕ੍ਰਮਵਾਰ ਸ਼੍ਰੀ ਰੰਗਨਾਥਸਵਾਮੀ ਅਤੇ ਅਰੁਲਮਿਗੂ ਰਾਮਨਾਥਸਵਾਮੀ ਮੰਦਰਾਂ ’ਚ ਪੂਜਾ ਵੀ ਕੀਤੀ।