ਦੂਜੇ ਗਲੋਬਲ ਕੋਵਿਡ ਸੰਮੇਲਨ ’ਚ ਅੱਜ ਵਰਚੂਅਲੀ ਹਿੱਸਾ ਲੈਣਗੇ PM ਮੋਦੀ, ਅਮਰੀਕੀ ਰਾਸ਼ਟਰਪਤੀ ਕਰਨਗੇ ਮੇਜ਼ਬਾਨੀ
Thursday, May 12, 2022 - 11:23 AM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਮਈ ਯਾਨੀ ਕਿ ਅੱਜ ਦੂਜੇ ਗਲੋਬਲ ਕੋਵਿਡ ਸੰਮੇਲਨ ’ਚ ਵਰਚੂਅਲੀ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਰ ਰਹੇ ਹਨ। ਵਿਦੇਸ਼ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਸੱਦੇ ’ਤੇ ਇਸ ਸੰਮੇਲਨ ’ਚ ਹਿੱਸਾ ਲੈਣਗੇ। ਸੰਮੇਲਨ ’ਚ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਨਵੇਂ ਕਦਮਾਂ ਅਤੇ ਮਜ਼ਬੂਤ ਗਲੋਬਲ ਸਿਹਤ ਸੁਰੱਖਿਆ ਢਾਂਚਾ ਤਿਆਰ ਕਰਨ ਬਾਰੇ ਚਰਚਾ ਕੀਤੀ ਜਾਵੇਗੀ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਇਸ ਸੰਮੇਲਨ ਦੇ ਉਦਘਾਟਨ ਸੈਸ਼ਨ ’ਚ ‘ਮਹਾਮਾਰੀ ਦੀ ਰੋਕਥਾਮ ਅਤੇ ਤਿਆਰੀਆਂ ਨੂੰ ਤਰਜੀਹ’ ਵਿਸ਼ੇ ’ਤੇ ਸੰਬੋਧਨ ਦੇਣਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਸਤੰਬਰ 2021 ਨੂੰ ਹੋਏ ਪਹਿਲੇ ਵਿਸ਼ਵ ਸੰਮੇਲਨ ਵਿੱਚ ਵੀ ਹਿੱਸਾ ਲਿਆ ਸੀ, ਜਿਸ ਦੀ ਮੇਜ਼ਬਾਨੀ ਵੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਹੀ ਕੀਤੀ ਸੀ। ਬਿਆਨ ’ਚ ਕਿਹਾ ਗਿਆ ਕਿ ਭਾਰਤ ਨੇ ਸੁਰੱਖਿਅਤ ਅਤੇ ਕਿਫ਼ਾਇਤੀ ਟੀਕੇ, ਦਵਾਈਆਂ, ਜਾਂਚ ਅਤੇ ਇਲਾਜ ਦੀ ਘੱਟ ਲਾਗਤ ਵਾਲੀ ਦੇਸੀ ਤਕਨਾਲੋਜੀ ਵਿਕਸਿਤ ਕਰ ਕੇ ਅਤੇ ਜ਼ੀਨੋਮ ਨਿਗਰਾਨੀ ਅਤੇ ਸਿਹਤ ਕਰਮੀਆਂ ਲਈ ਸਮਰੱਥਾ ਨਿਰਮਾਣ ਜ਼ਰੀਏ ਇਸ ਮਹਾਮਾਰੀ ਨਾਲ ਮੁਕਾਬਲਾ ਕਰਨ ਦੀਆਂ ਗਲੋਬਲ ਕੋਸ਼ਿਸ਼ਾਂ ’ਚ ਅਹਿਮ ਭੂਮਿਕਾ ਨਿਭਾਈ ਹੈ।
ਓਧਰ ਵਿਦੇਸ਼ ਮੰਤਰਾਲਾ ਮੁਤਾਬਕ ਭਾਰਤ ਨੇ ਵਿਸ਼ਵ ਸਿਹਤ ਸੰਗਠਨ (WHO) ਨਾਲ ਮਿਲ ਕੇ ਗਲੋਬਲ ਸਿਹਤ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਇਸ ’ਚ ਸੁਧਾਰ ਕਰਨ ਦੇ ਮਕਸਦ ਨਾਲ ਬਹੁ-ਪੱਧਰੀ ਮੰਚਾਂ ’ਤੇ ਸਰਗਰਮੀ ਨਾਲ ਕੰਮ ਕੀਤਾ। ਇਸ ਬੈਠਕ ’ਚ ਕਈ ਦੇਸ਼ਾਂ ਦੇ ਹਿੱਸਾ ਲੈਣ ਦੀ ਵੀ ਉਮੀਦ ਹੈ।