ਤਾਲਾਬੰਦੀ-5 'ਤੇ PM ਮੋਦੀ ਛੇਤੀ ਕਰਨਗੇ 'ਮਨ ਕੀ ਬਾਤ', ਮਿਲੇਗੀ ਹੋਰ ਵੀ ਢਿੱਲ
Wednesday, May 27, 2020 - 05:21 PM (IST)

ਨਵੀਂ ਦਿੱਲੀ-ਕੋਰੋਨਾ ਸੰਕਟ ਦੇ ਚੱਲਦਿਆਂ ਦੇਸ਼ ਭਰ 'ਚ ਲਾਗੂ ਤਾਲਾਬੰਦੀ ਦਾ ਚੌਥਾ ਪੜਾਅ ਚੱਲ ਰਿਹਾ ਹੈ, ਜੋ 31 ਮਈ ਨੂੰ ਖਤਮ ਹੋਵੇਗਾ। ਤਾਲਾਬੰਦੀ 4.0 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਪਰ ਇਸ ਦੌਰਾਨ ਮਾਹਰਾਂ ਨੇ ਦੇਸ਼ 'ਚ ਹੁਣ ਤਾਲਾਬੰਦੀ 5.0 ਲੱਗਣ ਦੀ ਸੰਭਾਵਨਾ ਜਤਾਈ ਹੈ ਅਤੇ ਇਸ ਦਾ ਖਾਕਾ ਹੁਣ ਤੋਂ ਤਿਆਰ ਕੀਤਾ ਜਾ ਰਿਹਾ ਹੈ। ਮਾਹਰਾਂ ਮੁਤਾਬਕ ਤਾਲਾਬੰਦੀ 5.0 ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਤੀ ਹੀ 'ਮਨ ਕੀ ਬਾਤ' ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਜ਼ਿਆਦਾ ਪ੍ਰਭਾਵਿਤ 11 ਸ਼ਹਿਰਾਂ ਨੂੰ ਛੱਡ ਤੇ ਦੇਸ਼ ਦੇ ਬਾਕੀ ਸੂਬਿਆਂ ਨੂੰ ਇਸ ਵਾਰ ਹੋਰ ਜ਼ਿਆਦਾ ਢਿੱਲ ਦਿੱਤੀ ਜਾ ਸਕਦੀ ਹੈ।
ਜ਼ਿਆਦਾ ਕੋਰੋਨਾ ਪ੍ਰਭਾਵਿਤ ਸ਼ਹਿਰ-
ਦਿੱਲੀ, ਮੁੰਬਈ, ਬੈਂਗਲੁਰੂ, ਪੁਣੇ, ਠਾਣੇ, ਇੰਦੌਰ, ਚੇੱਨਈ, ਅਹਿਮਦਾਬਾਦ, ਜੈਪੁਰ, ਸੂਰਤ ਅਤੇ ਕੋਲਕਾਤਾ ਕੋਰੋਨਾ ਨਾਲ ਜਿਆਦਾ ਪ੍ਰਭਾਵਿਤ ਸ਼ਹਿਰ ਹਨ, ਜਿੱਥੇ 70 ਫੀਸਦੀ ਤੋਂ ਜ਼ਿਆਦਾ ਕੋਰੋਨਾ ਮਾਮਲੇ ਹਨ। ਇਨ੍ਹਾਂ 'ਚ ਮੁੰਬਈ ਦੀ ਜ਼ਿਆਦਾ ਮਾੜੀ ਸਥਿਤੀ ਹੈ।
ਖੁੱਲ੍ਹ ਸਕਦੇ ਹਨ ਧਾਰਮਿਕ ਸਥਾਨ-
ਮਾਹਰਾਂ ਮੁਤਾਬਕ ਕੇਂਦਰ ਸਰਕਾਰ ਤਾਲਾਬੰਦੀ ਦੇ ਪੰਜਵੇਂ ਪੜਾਅ ਦੌਰਾਨ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਢਿੱਲ ਦੇ ਸਕਦੀ ਹੈ ਪਰ ਇਸ ਦੇ ਲਈ ਵੀ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੀਆਂ, ਜਿਵੇਂ ਕਿ ਧਾਰਮਿਕ ਸਥਾਨ 'ਤੇ ਕੋਈ ਵੀ ਮੇਲਾ ਜਾਂ ਤਿਉਹਾਰ ਮਨਾਉਣ ਦੀ ਛੋਟ ਨਹੀਂ ਹੋਵੇਗੀ। ਇਸ ਦੇ ਨਾਲ ਹੀ ਮੰਦਿਰਾਂ 'ਚ ਜਿਆਦਾ ਭੀੜ ਨਾ ਹੋਵੇ ਅਤੇ ਮਾਸਕ ਪਹਿਨਣ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਣਾ ਹੋਵੇਗਾ।
ਮਾਹਰਾਂ ਮੁਤਾਬਕ ਤਾਲਾਬੰਦੀ 5.0 ਨੂੰ ਲੈ ਕੇ ਸਾਹਮਣੇ ਆਈਆਂ ਮੁੱਖ ਗੱਲਾਂ-
-ਸਾਰੇ ਜ਼ੋਨਾਂ 'ਚ ਸੈਲੂਨ ਅਤੇ ਜਿਮ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਸਿਰਫ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ
-ਪੰਜਵੇਂ ਪੜਾਅ 'ਚ ਕਿਸੇ ਸਕੂਲ, ਕਾਲਜ-ਯੂਨੀਵਰਸਿਟੀ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ।
-ਮਾਲ ਅਤੇ ਮਲਟੀਪਲੈਕਸ ਨੂੰ ਵੀ ਬੰਦ ਰੱਖਿਆ ਜਾ ਸਕਦਾ ਹੈ।
-ਵਿਆਹ ਅਤੇ ਅੰਤਿਮ ਸੰਸਕਾਰ 'ਚ ਕੁਝ ਹੋਰ ਲੋਕਾਂ ਨੂੰ ਸ਼ਾਮਲ ਹੋਣ ਦੀ ਛੋਟ ਦਿੱਤੀ ਜਾ ਸਕਦੀ ਹੈ।
-ਮਾਹਰਾਂ ਮੁਤਾਬਕ ਤਾਲਾਬੰਦੀ 5.0 'ਤੇ ਜਲਦੀ ਹੀ ਸਰਕਾਰ ਵੱਲੋਂ ਐਡਵਾਇਜ਼ਰੀ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਤਾਲਾਬੰਦੀ 5.0 ਦੋ ਹਫਤੇ ਲਈ ਲਾਇਆ ਜਾ ਸਕਦਾ ਹੈ।