ਅਦਾਲਤ ਨੇੜੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ, ਫੜੇ ਗਏ ਤਿੰਨ ਗੈਂਗਸਟਰਾਂ ਦੇ ਦੋ ਹੋਰ ਸਾਥੀ ਵੀ ਹੋਣਗੇ ਨਾਮਜ਼ਦ

Thursday, Jan 08, 2026 - 02:04 AM (IST)

ਅਦਾਲਤ ਨੇੜੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ, ਫੜੇ ਗਏ ਤਿੰਨ ਗੈਂਗਸਟਰਾਂ ਦੇ ਦੋ ਹੋਰ ਸਾਥੀ ਵੀ ਹੋਣਗੇ ਨਾਮਜ਼ਦ

ਬਠਿੰਡਾ (ਵਿਜੈ ਵਰਮਾ) - ਜ਼ਿਲਾ ਅਦਾਲਤ ਦੇ ਨੇੜੇ ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨੂੰ ਸਮੇਂ-ਸਿਰ ਨਾਕਾਮ ਕਰਦਿਆਂ ਫੜੇ ਗਏ ਤਿੰਨ ਗੈਂਗਸਟਰਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਹੁਣ ਇਸ ਮਾਮਲੇ ’ਚ ਨਾਮਜ਼ਦ ਕੀਤਾ ਜਾਵੇਗਾ। ਦੋ ਦਿਨਾਂ ਦੇ ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ, ਹਾਲਾਂਕਿ ਜਾਂਚ ਨੂੰ ਧਿਆਨ ’ਚ ਰੱਖਦਿਆਂ ਪੁਲਸ ਅਧਿਕਾਰੀ ਫਿਲਹਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕਰ ਰਹੇ ਹਨ।

ਪੁਲਸ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਜੋਂ ਹੋਈ ਹੈ। ਦੋ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਥਾਣਾ ਥਰਮਲ ਏਰੀਆ ਵ’ਚ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਦੀ ਕਾਰ ਨੂੰ ਰੋਕ ਕੇ ਉਸ ’ਚ ਸਵਾਰ ਤਿੰਨਾਂ ਨੌਜਵਾਨਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਵਿਦੇਸ਼ੀ ਪਿਸਤੌਲ ਅਤੇ 26 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਇਸ ਤੋਂ ਬਾਅਦ ਥਾਣਾ ਥਰਮਲ ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਪੁਲਸ ਨੂੰ ਦੋ ਦਿਨਾਂ ਦਾ ਰਿਮਾਂਡ ਮਿਲਿਆ। ਪੁਲਸ ਨਾਲ ਜੁੜੇ ਸੂਤਰਾਂ ਅਨੁਸਾਰ, ਰਿਮਾਂਡ ਦੌਰਾਨ ਆਰੋਪੀਆਂ ਨੇ ਖੁਲਾਸਾ ਕੀਤਾ ਕਿ ਉਹ ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਇਸ਼ਾਰਿਆਂ ’ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।

ਮੁਲਜ਼ਮਾਂ ਦਾ ਨਿਸ਼ਾਨਾ ਜ਼ਿਲੇ ਦੇ ਇਕ ਪਿੰਡ ਨਾਲ ਸਬੰਧਤ ਵਿਰੋਧੀ ਗੈਂਗਸਟਰ ਸੀ, ਜਿਸਨੂੰ ਅਦਾਲਤ ’ਚ ਪੇਸ਼ੀ ਦੌਰਾਨ ਗੋਲੀਆਂ ਮਾਰਨ ਦੀ ਯੋਜਨਾ ਬਣਾਈ ਗਈ ਸੀ। ਇਸ ਸਬੰਧ ’ਚ ਮੁਲਜ਼ਮਾਂ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਂ ਵੀ ਪੁਲਸ ਨੂੰ ਦੱਸੇ ਹਨ, ਜਿਨ੍ਹਾਂ ਦੇ ਆਧਾਰ ’ਤੇ ਹੁਣ ਪੁਲਸ ਉਨ੍ਹਾਂ ਨੂੰ ਵੀ ਇਸ ਕੇਸ ’ਚ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ।

ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਮੰਗਲਵਾਰ ਨੂੰ ਇਸ ਮਾਮਲੇ ਸਬੰਧੀ ਮੀਡੀਆ ਲਈ ਜਾਰੀ ਬਿਆਨ ’ਚ ਦੱਸਿਆ ਕਿ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਮੁਲਜ਼ਮ ਕੁਲਦੀਪ ਸਿੰਘ ਖਾਸ ਤੌਰ ’ਤੇ ਕੈਨੇਡਾ ਤੋਂ ਭਾਰਤ ਆਇਆ ਸੀ।


author

Inder Prajapati

Content Editor

Related News