ਸੰਸਦ ''ਚ ਅਡਾਨੀ ਮੁੱਦੇ ''ਤੇ ਚਰਚਾ ਨਹੀਂ ਹੋਣ ਦੇਣ ਲਈ PM ਮੋਦੀ ਕਰਨਗੇ ਹਰ ਸੰਭਵ ਕੋਸ਼ਿਸ਼ : ਰਾਹੁਲ ਗਾਂਧੀ

02/06/2023 4:57:40 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਸੰਸਦ 'ਚ ਅਡਾਨੀ ਮੁੱਦੇ 'ਤੇ ਚਰਚਾ ਨਹੀਂ ਹੋਣ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਦੇਸ਼ ਨੂੰ ਜਾਣਨਾ ਚਾਹੀਦਾ ਕਿ ਅਰਬਪਤੀ ਉਦਯੋਗਪਤੀ ਦੇ ਪਿੱਛੇ ਕਿਹੜੀ ਤਾਕਤ ਹੈ। ਰਾਹੁਲ ਨੇ ਕਿਹਾ,''ਸੰਸਦ 'ਚ ਅਡਾਨੀ ਜੀ 'ਤੇ ਚਰਚਾ ਨਹੀਂ ਹੋਣ ਦੇਣ ਲਈ ਮੋਦੀ ਜੀ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦਾ ਇਕ ਕਾਰਨ ਹੈ ਅਤੇ ਤੁਸੀਂ ਉਸ ਨੂੰ ਜਾਣਦੇ ਹੋ। ਮੈਂ ਚਾਹੁੰਦਾ ਹਾਂ ਕਿ ਅਡਾਨੀ ਦੇ ਮਸਲੇ 'ਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਸੱਚ ਸਾਹਮਣੇ ਆਉਣਾ ਚਾਹੀਦਾ। ਲੱਖਾਂ ਅਤੇ ਕਰੋੜਾਂ ਦਾ ਭ੍ਰਿਸ਼ਟਾਚਾਰ ਸਾਹਮਣੇ ਆਉਣਾ ਚਾਹੀਦਾ। ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਕਿ ਅਡਾਨੀ ਦੇ ਪਿੱਛੇ ਕਿਹੜੀ ਤਾਕਤ ਹੈ।'' ਉਨ੍ਹਾਂ ਕਿਹਾ,''ਕਈ ਸਾਲਾਂ ਤੋਂ ਮੈਂ ਸਰਕਾਰ ਬਾਰੇ ਅਤੇ 'ਹਮ ਦੋ, ਹਮਾਰੇ ਦੋ' ਬਾਰੇ ਗੱਲ ਕਰਦਾ ਆ ਰਿਹਾ ਹਾਂ। ਸਰਕਾਰ ਨਹੀਂ ਚਾਹੁੰਦੀ ਕਿ ਅਡਾਨੀ ਮਾਮਲੇ 'ਤੇ ਸੰਸਦ 'ਚ ਚਰਚਾ ਕਰਵਾਉਣੀ ਚਾਹੀਦੀ ਪਰ ਇਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।'' 

ਅਮਰੀਕਾ ਦੀ ਵਿੱਤੀ ਸੋਧ ਕੰਪਨੀ 'ਹਿੰਡਨਬਰਗ ਰਿਸਰਚ' ਵਲੋਂ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ 'ਤੇ ਫਰਜ਼ੀ ਲੈਣ-ਦੇਣ ਅਤੇ ਸ਼ੇਅਰ ਦੀਆਂ ਕੀਮਤਾਂ 'ਚ ਹੇਰਫੇਰ ਸਮੇਤ ਕਈ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਸਮੂਹ ਨੇ ਸ਼ੇਅਰ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਕਾਂਗਰਸ ਨੇ ਇਸ ਮੁੱਦੇ 'ਤੇ ਸਰਕਾਰ ਖ਼ਿਲਾਫ਼ ਹਮਲਾਵਰ ਰੁਖ ਅਪਣਾਉਂਦੇ ਹੋਏ ਸੰਸਦ 'ਚ ਚਰਚਾ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ 'ਹਿੰਡਨਬਰਗ ਰਿਸਰਚ' ਦੀ ਰਿਪੋਰਟ ਚ ਲਗਾਏ ਗਏ ਦੋਸ਼ਾਂ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਜਾਂ ਕਿਸੇ ਸੰਯੁਕਤ ਸੰਸਦੀ ਕਮੇਟੀ ਵਲੋਂ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਅਡਾਨੀ ਮਾਮਲੇ 'ਤੇ ਵਿਰੋਧੀ ਦਲ ਲਗਾਤਾਰ ਕੇਂਦਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਰੋਧੀ ਦਲਾਂ ਨੇ ਦੋਸ਼ ਲਗਾਇਆ ਹੈ ਕਿ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਹਾਲੀਆ ਗਿਰਾਵਟ ਇਕ 'ਘਪਲਾ' ਹੈ, ਜਿਸ 'ਚ ਆਮ ਲੋਕਾਂ ਦਾ ਪੈਸਾ ਸ਼ਾਮਲ ਹੈ, ਕਿਉਂਕਿ ਜਨਤਕ ਖੇਤਰ ਦੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਅਤੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਉਨ੍ਹਾਂ 'ਚ ਨਿਵੇਸ਼ ਕੀਤਾ ਹੈ। ਉੱਥੇ ਹੀ ਅਡਾਨੀ ਸਮੂਹ ਨੇ ਕਿਹਾ ਹੈ ਕਿ ਉਹ ਸਾਰੇ ਕਾਨੂੰਨਾਂ ਅਤੇ ਸੂਚਨਾ ਪ੍ਰਗਟ ਕਰਨ ਸੰਬੰਧੀ ਜ਼ਰੂਰਤਾਂ ਦੀ ਪਾਲਣਾ ਕਰਦਾ ਹੈ।


DIsha

Content Editor

Related News