ਅਗਲੇ 7 ਮਹੀਨਿਆਂ ''ਚ 10 ਦੇਸ਼ਾਂ ਦਾ ਦੌਰਾ ਕਰਨਗੇ ਪੀ.ਐੱਮ. ਮੋਦੀ, ਚੀਨ ਅਤੇ ਅਮਰੀਕਾ ਵੀ ਜਾਣਗੇ

05/22/2017 5:30:41 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੇ ਬਚੇ ਹੋਏ 7 ਮਹੀਨਿਆਂ ''ਚ 10 ਦੇਸ਼ਾਂ ਦੀ ਯਾਤਰਾ ਕਰਨਗੇ। ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਕੇ ਪ੍ਰਧਾਨ ਮੰਤਰੀ ਵਿਦੇਸ਼ ਦੌਰੇ ''ਤੇ ਰਵਾਨਾ ਹੋਣਗੇ। ਮੋਦੀ 29 ਮਈ ਨੂੰ ਰਵਾਨਾ ਹੋਣਗੇ। ਇਸ ਯਾਤਰਾ ''ਚ ਉਹ ਸਪੇਨ, ਜਰਮਨੀ ਅਤੇ ਰੂਸ ਜਾਣਗੇ। ਰੂਸ ਦੇ ਸੈਂਟ ਪੀਟਰਸਬਰਗ ''ਚ ਮੋਦੀ ਇਕ ਤੋਂ 3 ਜੂਨ ਤੱਕ ਹੋਣ ਵਾਲੇ ਕੌਮਾਂਤਰੀ ਆਰਥਿਕ ਮੰਚ ''ਚ ਹਿੱਸਾ ਲੈਣਗੇ।
ਮੋਦੀ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ''ਚ ਹਿੱਸਾ ਲੈਣ ਲਈ 7 ਅਤੇ 8 ਜੂਨ ਨੂੰ ਕਜਾਕਿਸਤਾਨ ''ਚ ਹੋਣਗੇ। ਰੂਸ ਅਤੇ ਕਜਾਕਿਸਤਾਨ ਤੋਂ ਬਾਅਦ ਮੋਦੀ ਜੁਲਾਈ ਦੇ ਪਹਿਲੇ ਹਫਤੇ ''ਚ ਇਜ਼ਰਾਇਲ ਦੌਰੇ ''ਤੇ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਇਜ਼ਰਾਇਲ ਦੌਰਾਨ ਹੋਵੇਗਾ। ਇਜ਼ਰਾਇਲ ''ਚ ਮੋਦੀ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਇਜ਼ਰਾਇਲ ਤੋਂ ਬਾਅਦ ਮੋਦੀ 7 ਅਤੇ 8 ਜੁਲਾਈ ਨੂੰ ਜੀ-20 ਸਿਖਰ ਸੰਮੇਲਨ ''ਚ ਹਿੱਸਾ ਲੈਣ ਜਰਮਨੀ ਜਾਣਗੇ। ਸਤੰਬਰ ''ਚ ਮੋਦੀ ਚੀਨ ਜਾਣਗੇ। ਮੋਦੀ ਜਿਆਮੇਨ ਸ਼ਹਿਰ ''ਚ 3 ਤੋਂ 5 ਸਤੰਬਰ ਤੱਕ ਹੋਣ ਜਾ ਰਹੇ 9ਵੇਂ ਬ੍ਰਿਕਸ ਸਿਖਰ ਸੰਮੇਲਨ ''ਚ ਹਿੱਸਾ ਲੈਣਗੇ। 27 ਸਤੰਬਰ ਨੂੰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ''ਚ ਹਿੱਸਾ ਲੈਣ ਅਮਰੀਕਾ ਜਾਣਗੇ। ਅਮਰੀਕਾ ਤੋਂ ਬਾਅਦ ਮੋਦੀ ਕੈਨੇਡਾ ਜਾਣਗੇ। 13 ਤੋਂ 14 ਨਵੰਬਰ ਨੂੰ ਈਸਟ ਏਸ਼ੀਆ ਸਮਿਟ ''ਚ ਹਿੱਸਾ ਲੈਣ ਮਨੀਲਾ ਜਾਣਗੇ।


Disha

News Editor

Related News