PM ਮੋਦੀ ਬੋਲੇ- ਬੰਦ ਨਹੀਂ ਹੋਣਗੀਆਂ ਖੇਤੀ ਮੰਡੀਆਂ, ਕਿਸਾਨ ਜਿੱਥੇ ਚਾਹੁਣ ਵੇਚ ਸਕਦੇ ਨੇ ਫ਼ਸਲ

09/21/2020 1:48:28 PM

ਨਵੀਂ ਦਿੱਲੀ— ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਬਿਹਾਰ ਨੂੰ ਕਰੀਬ 14 ਹਜ਼ਾਰ  ਕਰੋੜ ਰੁਪਏ ਦੀ ਸੌਗਾਤ ਦਿੱਤੀ। ਪ੍ਰਧਾਨ ਮੰਤਰੀ ਨੇ 9 ਹਾਈਵੇਅ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਬਿਹਾਰ ਦੇ ਇਨ੍ਹਾਂ ਪ੍ਰਾਜੈਕਟਾਂ ’ਚ 14,000 ਕਰੋੜ ਰੁਪਏ ਦੇ 9 ਹਾਈਵੇਅ ਪ੍ਰਾਜੈਕਟ ਅਤੇ 45,945 ਪਿੰਡਾਂ ਨੂੰ ਆਪਟੀਕਲ ਫਾਈਬਰ ਇੰਟਰਨੈੱਟ ਸੇਵਾਵਾਂ ਨਾਲ ਜੋੜਨ ਵਾਲਾ ਪ੍ਰੋਗਰਾਮ ਸ਼ਾਮਲ ਹੈ। ਉਦਘਾਟਨ ਮਗਰੋਂ ਮੋਦੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਲਈ ਬਿਹਾਰ ਨੂੰ ਵਧਾਈ ਦਿੰਦਾ ਹਾਂ। ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਸ਼ੁਰੂਆਤ ਬਿਹਾਰ ਤੋਂ ਹੋ ਰਹੀ ਹੈ। 

ਖੇਤੀ ਬਿੱਲ ਨੂੰ ਲੈ ਕੇ ਮੋਦੀ ਨੇ ਕਿਹਾ ਕਿ ਦੇਸ਼ ਦੀ ਸੰਸਦ ਨੇ ਦੇਸ਼ ਦੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇਣ ਵਾਲਾ ਬਹੁਤ ਹੀ ਇਤਿਹਾਸਕ ਕਾਨੂੰਨਾਂ ਨੂੰ ਪਾਸ ਕੀਤਾ ਹੈ। ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹੈ। ਨਵੇਂ ਖੇਤੀ ਸੁਧਾਰਾਂ ਨੇ ਦੇਸ਼ ਦੇ ਹਰ ਕਿਸਾਨ ਨੂੰ ਆਜ਼ਾਦੀ ਦੇ ਦਿੱਤੀ ਹੈ। ਉਹ ਕਿਸੇ ਨੂੰ, ਕਿਤੇ ਵੀ ਆਪਣੀ ਫ਼ਸਲ ਆਪਣੇ ਫ਼ਲ-ਸਬਜ਼ੀਆਂ ਵੇਚ ਸਕਦਾ ਹੈ। ਹੁਣ ਉਸ ਨੂੰ ਜੇਕਰ ਮੰਡੀ ’ਚ ਜ਼ਿਆਦਾ ਲਾਭ ਮਿਲੇਗਾ ਤਾਂ ਉੱਥੇ ਆਪਣੀ ਫ਼ਸਲ ਵੇਚੇਗਾ। ਮੰਡੀ ਤੋਂ ਇਲਾਵਾ ਕਿਤੇ ਹੋਰ ਜ਼ਿਆਦਾ ਲਾਭ ਮਿਲ ਰਿਹਾ ਹੋਵੇਗਾ ਤਾਂ  ਉੱਥੇ ਫ਼ਸਲ ਵੇਚਣ ’ਤੇ ਮਨਾਹੀ ਨਹੀਂ ਹੋਵੇਗੀ। ਸਾਡੇ ਦੇਸ਼ ਵਿਚ ਹੁਣ ਤੱਕ ਉਪਜ ਦੀ ਵਿਕਰੀ ਦੀ ਜੋ ਵਿਵਸਥਾ ਚਲੀ ਆ ਰਹੀ ਸੀ, ਜੋ ਕਾਨੂੰਨ ਸਨ, ਉਸ ਨੇ ਕਿਸਾਨਾਂ ਦੇ ਹੱਥ ਬੰਨ੍ਹੇ ਹੋਏ ਸਨ। ਆਖ਼ਰਕਾਰ ਇਹ ਕਦੋਂ ਤੱਕ ਚੱਲਦਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਕਾਨੂੰਨ, ਇਹ ਬਦਲਾਅ ਖੇਤੀ ਮੰਡੀਆਂ ਖ਼ਿਲਾਫ਼ ਨਹੀਂ ਹੈ। ਖੇਤੀ ਮੰਡੀਆਂ ਵਿਚ ਜਿਵੇਂ ਕੰਮ ਪਹਿਲਾਂ ਹੁੰਦਾ ਸੀ, ਉਂਝ ਹੀ ਹੁਣ ਵੀ ਹੋਵੇਗਾ। ਜੋ ਕਹਿੰਦੇ ਹਨ ਕਿ ਨਵੇਂ ਖੇਤੀ ਸੁਧਾਰਾਂ ਤੋਂ ਬਾਅਦ ਮੰਡੀਆਂ ਖਤਮ ਹੋ ਜਾਣਗੀਆਂ, ਤਾਂ ਉਹ ਕਿਸਾਨਾਂ ਨਾਲ ਸਰਾਸਰ ਝੂਠ ਬੋਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਰੇਕ ਕਿਸਾਨ ਨੂੰ ਇਸ ਗੱਲ ਦਾ ਭਰੋਸਾ ਦਿੰਦਾ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਵਿਵਸਥਾ ਜਿਵੇਂ ਪਹਿਲਾਂ ਚੱਲੀ ਆ ਰਹੀ ਸੀ, ਉਂਝ ਹੀ ਚੱਲਦੀ ਰਹੇਗੀ। ਇਸ ਸਾਲ ਕੋਰੋਨਾ ਵਾਇਰਸ ਦੌਰਾਨ ਵੀ ਹਾੜ੍ਹੀ ਸੀਜ਼ਨ ’ਚ ਕਿਸਾਨਾਂ ਤੋਂ ਕਣਕ ਦੀ ਰਿਕਾਰਡ ਖਰੀਦ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਨਵੀਂ ਵਿਵਸਥਾ ਨਾਲ ਮੰਡੀਆਂ ਬੰਦ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਅੰਦਾਜ਼ਾ ਲਾ ਸਕਦਾ ਹੈ ਕਿ ਅਚਾਨਕ ਕੁਝ ਲੋਕਾਂ ਨੂੰ ਜੋ ਮੁਸ਼ਕਲਾਂ ਹੋਣੀਆਂ ਸ਼ੁਰੂ ਹੋਈਆਂ ਹਨ, ਉਹ ਕਿਉਂ ਹੋ ਰਹੀਆਂ ਹਨ। ਕਈ ਥਾਂ ਸਵਾਲ ਚੁੱਕੇ ਜਾ ਰਹੇ ਹਨ ਕਿ ਖੇਤੀ ਮੰਡੀਆਂ ਦਾ ਕੀ ਹੋਵੇਗਾ। ਖੇਤੀ ਮੰਡੀਆਂ ਬੰਦ ਨਹੀਂ ਹੋਣਗੀਆਂ। 


 


Tanu

Content Editor

Related News