ਚੋਣਾਂ ਦੇ ਨਤੀਜਿਆਂ ਤੋਂ ਬਾਅਦ PM ਮੋਦੀ ਨੇ ਦੇਸ਼ ਭਰ ਦੇ ਭਾਜਪਾ ਵਰਕਰਾਂ ਅਤੇ ਵੋਟਰਾਂ ਦਾ ਕੀਤਾ ਧੰਨਵਾਦ (ਵੀਡੀਓ)
Sunday, Dec 03, 2023 - 08:31 PM (IST)
ਨਵੀਂ ਦਿੱਲੀ- ਅੱਜ ਭਾਰਤ ਦੇ 4 ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਤੇਲੰਗਾਨਾ 'ਚ ਚੋਣਾਂ ਦੇ ਨਤੀਜੇ ਲਗਭਗ ਸਾਫ਼ ਹੋ ਗਏ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ 'ਚ ਜਿੱਥੇ ਭਾਜਪਾ ਨੇ ਜਿੱਤ ਦਰਜ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਉੱਥੇ ਹੀ ਤੇਲੰਗਾਨਾ 'ਚ ਕਾਂਗਰਸ ਨੂੰ ਜਿੱਤ ਦਰਜ ਕਰਨ 'ਚ ਕਾਮਯਾਬੀ ਮਿਲੀ ਹੈ। ਇਸ ਮੌਕੇ ਦੇਸ਼ ਭਰ ਦੇ ਭਾਜਪਾ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਨ ਅਤੇ ਰੂਬਰੂ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਦਿੱਲੀ ਸਥਿਤ ਭਾਜਪਾ ਦਫ਼ਤਰ ਵਿਖੇ ਪਹੁੰਚੇ ਹਨ। ਇੱਥੇ ਉਨ੍ਹਾਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਮਿਲੀ ਜਿੱਤ ਲਈ ਜਨਤਾ ਦਾ ਧੰਨਵਾਦ ਕੀਤਾ।
ਮੋਦੀ ਦੇ ਸਟੇਜ 'ਤੇ ਆਉਂਦਿਆਂ ਹੀ ਲੋਕ ਮੋਦੀ-ਮੋਦੀ ਦੇ ਨਾਅਰੇ ਲਗਾਉਣ ਲੱਗ ਪਏ। ਇਸ ਮੌਕੇ ਮੋਦੀ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ ਤੇ ਲੋਕਾਂ ਨੂੰ ਕਿਹਾ ਕਿ ਇਨ੍ਹਾਂ ਨਾਅਰਿਆਂ ਦੀ ਗੂੰਜ ਤੇਲੰਗਾਨਾ ਤੱਕ ਜਾਣੀ ਚਾਹੀਦੀ ਹੈ। ਉਨ੍ਹਾਂ ਚੋਣਾਂ 'ਚ ਮਿਲੀ ਜਿੱਤ ਨੂੰ 'ਸਭ ਦਾ ਸਾਥ, ਸਭ ਦਾ ਵਿਕਾਸ', 'ਆਤਮ-ਨਿਰਭਰ ਭਾਰਤ', ਇਮਾਨਦਾਰੀ ਆਦਿ ਦੀ ਜਿੱਤ ਦੱਸਿਆ। ਉਨ੍ਹਾਂ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਲੋਕਾਂ ਨੂੰ ਭਾਜਪਾ 'ਤੇ ਯਕੀਨ ਦਿਖਾਉਣ ਲਈ ਧੰਨਵਾਦ ਕਿਹਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਦੇਸ਼ ਨੂੰ ਦੇਸ਼ ਨੂੰ ਜਾਤੀਆਂ 'ਚ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਲਈ ਦੇਸ਼ 'ਚ ਸਿਰਫ਼ 4 ਜਾਤੀਆਂ ਹੀ ਸਭ ਤੋਂ ਉੱਤੇ ਹਨ, ਉਹ ਹਨ- ਦੇਸ਼ ਦੇ ਨੌਜਵਾਨ, ਦੇਸ਼ ਦੀ ਨਾਰੀ ਸ਼ਕਤੀ, ਕਿਸਾਨ ਅਤੇ ਗਰੀਬ ਪਰਿਵਾਰ। ਉਨ੍ਹਾਂ ਕਿਹਾ ਕਿ ਜੇਕਰ ਇਹ 4 ਜਾਤੀਆਂ ਦਾ ਸਸ਼ਕਤੀਕਰਨ ਹੋ ਜਾਵੇ ਤਾਂ ਪੂਰੇ ਦੇਸ਼ ਦਾ ਸਸ਼ਕਤੀਕਰਨ ਹੋ ਜਾਵੇਗਾ।