ਕੇਰਲ ਜਹਾਜ਼ ਹਾਦਸਾ: PM ਮੋਦੀ ਨੇ ਕੀਤੀ ਕੇਰਲ ਦੇ ਸੀ.ਐੱਮ. ਨਾਲ ਗੱਲ
Saturday, Aug 08, 2020 - 01:24 AM (IST)
ਕੋਝੀਕੋਡ : ਕੇਰਲ 'ਚ ਏਅਰ ਇੰਡੀਆ ਐਕਸਪ੍ਰੈਸ ਦਾ ਇੱਕ ਜਹਾਜ਼ ਸ਼ੁੱਕਰਵਾਰ ਦੀ ਸ਼ਾਮ ਨੂੰ ਲੈਂਡਿੰਗ ਦੇ ਸਮੇਂ ਰਨਵੇ ਤੋਂ ਫਿਸਲ ਤੇ 50 ਫੁੱਟ ਡੂੰਘੀ ਖੱਡ 'ਚ ਡਿੱਗ ਗਿਆ। ਇਸ ਦੇ ਚੱਲਦੇ ਜਹਾਜ਼ ਦੇ 2 ਹਿੱਸੇ ਹੋ ਗਏ। ਹਾਦਸੇ 'ਚ 16 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 123 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਲਾਸ਼ਾਂ 'ਚ ਜਹਾਜ਼ ਦੇ ਦੋਵੇਂ ਪਾਇਲਟ ਵੀ ਸ਼ਾਮਲ ਹਨ। ਜਹਾਜ਼ 'ਚ ਕੁਲ 191 ਲੋਕ ( 174 ਯਾਤਰੀ, 10 ਨਵਜਾਤ, 2 ਪਾਇਲਟ ਅਤੇ 5 ਕਰੂ ਮੈਂਬਰ) ਸਵਾਰ ਸਨ। ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨਾਲ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦਾ ਬੋਇੰਗ-737 ਜਹਾਜ਼ ਦੁਬਈ ਤੋਂ ਕਾਲੀਕਟ ਦੀ ਉਡ਼ਾਣ 'ਤੇ ਸੀ। ਸ਼ਾਮ 7:41 ਵਜੇ ਕੋਝੀਕੋਡ ਦੇ ਕਾਰੀਪੁਰ ਏਅਰਪੋਰਟ ਦੇ ਰਨਵੇ ਸੰਖਿਆ 10 'ਤੇ ਜਹਾਜ਼ ਦੀ ਲੈਂਡਿੰਗ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ, ਜਿਸ ਦੇ ਚੱਲਦੇ ਜਹਾਜ਼ ਰਨਵੇ ਤੋਂ ਅੱਗੇ ਫਿਸਲ ਕੇ ਚਲਾ ਗਿਆ ਅਤੇ ਘਾਟੀ 'ਚ ਡਿੱਗ ਕੇ 2 ਟੁਕੜਿਆ 'ਚ ਵੰਡ ਹੋ ਗਿਆ। ਘਟਨਾ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਡੂੰਘਾ ਦੁੱਖ ਜਤਾਇਆ ਹੈ।
ਹੈਲਪਲਾਈਨ ਨੰਬਰ ਜਾਰੀ
ਉਥੇ ਹੀ ਹਾਦਸੇ 'ਚ ਜ਼ਖ਼ਮੀ ਲੋਕਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਦੁਬਈ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਲੋਕਾਂ ਦੇ ਪਰਿਵਾਰਤ ਮੈਂਬਰ 0565463903, 0543090572, 0543090572, 0543090575 ਫੋਨ ਨੰਬਰਾਂ 'ਤੇ ਸੰਪਰਕ ਕਰ ਪੂਰੀ ਜਾਣਕਾਰੀ ਲੈ ਸਕਦੇ ਹਨ।