ਗੰਗੋਤਰੀ ਤੋਂ ਗੰਗਾਸਾਗਰ ਤੱਕ ਖਿੜਿਆ 'ਕਮਲ', ਬੰਗਾਲ 'ਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਬੋਲੇ PM ਮੋਦੀ

Tuesday, May 05, 2026 - 02:15 AM (IST)

ਗੰਗੋਤਰੀ ਤੋਂ ਗੰਗਾਸਾਗਰ ਤੱਕ ਖਿੜਿਆ 'ਕਮਲ', ਬੰਗਾਲ 'ਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਬੋਲੇ PM ਮੋਦੀ

ਨਵੀਂ ਦਿੱਲੀ (ਏਜੰਸੀਆਂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਸੋਮਵਾਰ ਨੂੰ ਬੋਲਦਿਆਂ ਕਿਹਾ ਕਿ ਗੰਗੋਤਰੀ ਤੋਂ ਗੰਗਾਸਾਗਰ ਤੱਕ ‘ਕਮਲ’ ਖਿੜ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 14 ਨਵੰਬਰ ਨੂੰ ਜਦੋਂ ਬਿਹਾਰ ਚੋਣਾਂ ਦੇ ਨਤੀਜੇ ਆਏ ਸਨ, ਉਦੋਂ ਮੈਂ ਇਸੇ ਥਾਂ ਤੋਂ ਤੁਹਾਡੇ ਸਾਰਿਆਂ ਨੂੰ ਕਿਹਾ ਸੀ ਕਿ ਗੰਗਾ ਜੀ ਬਿਹਾਰ ਤੋਂ ਅੱਗੇ ਵਹਿੰਦੀ ਹੋਈ ਗੰਗਾਸਾਗਰ ਤੱਕ ਜਾਂਦੀ ਹੈ। ਅੱਜ ਪੱਛਮੀ ਬੰਗਾਲ ਵਿਚ ਭਾਜਪਾ ਦੀ ਜਿੱਤ ਦੇ ਨਾਲ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਕਮਲ ਹੀ ਕਮਲ ਖਿੜਿਆ ਹੋਇਆ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੁਣ ਪੱਛਮੀ ਬੰਗਾਲ। ਅੱਜ ਮਾਂ ਗੰਗਾ ਦੇ ਆਲੇ-ਦੁਆਲੇ ਵਸੇ ਇਨ੍ਹਾਂ ਸੂਬਿਆਂ ਵਿਚ ਭਾਜਪਾ/ਐੱਨ. ਡੀ. ਏ. ਦੀ ਸਰਕਾਰ ਹੈ।

ਪੱਛਮੀ ਬੰਗਾਲ ਅਤੇ ਆਸਾਮ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਤੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਸ ਨੂੰ ਇਤਿਹਾਸਕ ਅਤੇ ਬੇਮਿਸਾਲ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਸਾਲਾਂ ਦੀ ਸਾਧਨਾ ਸਿੱਧੀ ਵਿਚ ਬਦਲਦੀ ਹੈ, ਤਾਂ ਜੋ ਖ਼ੁਸ਼ੀ ਚਿਹਰੇ ’ਤੇ ਦਿਖਾਈ ਦਿੰਦੀ ਹੈ, ਉਹੀ ਖ਼ੁਸ਼ੀ ਅੱਜ ਦੇਸ਼ ਭਰ ਦੇ ਭਾਜਪਾ ਵਰਕਰਾਂ ਦੇ ਚਿਹਰਿਆਂ ’ਤੇ ਸਾਫ਼ ਨਜ਼ਰ ਆ ਰਹੀ ਹੈ। ਪੀ. ਐੱਮ. ਮੋਦੀ ਨੇ ਇਸ ਜਿੱਤ ਨੂੰ ਵਰਕਰਾਂ ਦੀ ਮਿਹਨਤ, ਸਮਰਪਣ ਅਤੇ ਜਨਤਾ ਦੇ ਵਿਸ਼ਵਾਸ ਦਾ ਨਤੀਜਾ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੰਗਾਲ ਦੇ ਭਵਿੱਖ ਦੀ ਇੱਕ ਅਜਿਹੀ ਯਾਤਰਾ ਸ਼ੁਰੂ ਹੋ ਰਹੀ ਹੈ ਜਿੱਥੇ ਵਿਕਾਸ, ਅਟੁੱਟ ਵਿਸ਼ਵਾਸ ਅਤੇ ਨਵੀਆਂ ਉਮੀਦਾਂ ਕਦਮ ਨਾਲ ਕਦਮ ਮਿਲਾ ਕੇ ਚੱਲਣਗੀਆਂ। ਮੈਂ ਅੱਜ ਹਰ ਬੰਗਾਲ ਵਾਸੀ ਨੂੰ ਭਰੋਸਾ ਦਿੰਦਾ ਹਾਂ, ਬੰਗਾਲ ਦੇ ਬਿਹਤਰ ਭਵਿੱਖ ਲਈ ਭਾਜਪਾ ਦਿਨ-ਰਾਤ ਇਕ ਕਰ ਦੇਵੇਗੀ। ਬੰਗਾਲ ਵਿਚ ਹੁਣ ਔਰਤਾਂ ਨੂੰ ਸੁਰੱਖਿਆ ਦਾ ਮਾਹੌਲ ਮਿਲੇਗਾ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਹਿਜਰਤ ਰੁਕੇਗੀ। ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ‘ਆਯੂਸ਼ਮਾਨ ਭਾਰਤ’ ਯੋਜਨਾ ਨੂੰ ਹਰੀ ਝੰਡੀ ਦਿਖਾਈ ਜਾਵੇਗੀ ਅਤੇ ਘੁਸਪੈਠੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਆਪਣੀ ਵਿਧਾਨ ਸਭਾ ਸੀਟ ਵੀ ਨਾ ਬਚਾ ਸਕੀ CM ਮਮਤਾ ਬੈਨਰਜੀ

ਪੀ. ਐੱਮ. ਮੋਦੀ ਨੇ ਕਿਹਾ ਕਿ ਡਾ. ਮੁਖਰਜੀ ਨੇ ਪੱਛਮੀ ਬੰਗਾਲ ਨੂੰ ਭਾਰਤ ਦਾ ਹਿੱਸਾ ਬਣਾਈ ਰੱਖਣ ਲਈ ਇਕ ਵੱਡੀ ਲੜਾਈ ਲੜੀ ਸੀ। ਉਨ੍ਹਾਂ ਨੇ ਜਿਸ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਬੰਗਾਲ ਦਾ ਸੁਪਨਾ ਦੇਖਿਆ ਸੀ, ਉਹ ਸੁਪਨਾ ਕਈ ਦਹਾਕਿਆਂ ਤੋਂ ਪੂਰਾ ਹੋਣ ਦੀ ਉਡੀਕ ਕਰ ਰਿਹਾ ਸੀ। ਅੱਜ 4 ਮਈ, 2026 ਨੂੰ ਬੰਗਾਲ ਦੀ ਜਨਤਾ ਨੇ ਸਾਨੂੰ ਭਾਜਪਾ ਵਰਕਰਾਂ ਨੂੰ ਉਹ ਮੌਕਾ ਦਿੱਤਾ ਹੈ। ਬੰਗਾਲ ਦੀ ਕਿਸਮਤ ਵਿਚ ਅੱਜ ਤੋਂ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਅੱਜ ਤੋਂ ਬੰਗਾਲ ਡਰ-ਮੁਕਤ ਹੋਇਆ ਹੈ ਅਤੇ ਵਿਕਾਸ ਦੇ ਭਰੋਸੇ ਨਾਲ ਭਰਪੂਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਤ-ਹਾਰ ਲੋਕਤੰਤਰ ਅਤੇ ਚੋਣ ਰਾਜਨੀਤੀ ਦਾ ਇਕ ਸੁਭਾਵਿਕ ਹਿੱਸਾ ਹੁੰਦੀ ਹੈ। ਪਰ 5 ਸੂਬਿਆਂ ਦੀ ਜਨਤਾ ਨੇ ਪੂਰੀ ਦੁਨੀਆ ਨੂੰ ਦਿਖਾਇਆ ਹੈ ਕਿ ਸਾਡਾ ਭਾਰਤ ‘ਮਦਰ ਆਫ ਡੈਮੋਕ੍ਰੇਸੀ’ ਕਿਉਂ ਹੈ। ਲੋਕਤੰਤਰ ਸਾਡੇ ਲਈ ਸਿਰਫ਼ ਇਕ ਤੰਤਰ ਨਹੀਂ ਹੈ, ਇਹ ਸਾਡੀਆਂ ਰਗਾਂ ਵਿਚ ਦੌੜਦਾ ਸੰਸਕਾਰ ਹੈ। ਅੱਜ ਭਾਰਤ ਦਾ ਸੰਵਿਧਾਨ ਵੀ ਜਿੱਤਿਆ ਹੈ। ਸਾਡੀਆਂ ਸੰਵਿਧਾਨਕ ਸੰਸਥਾਵਾਂ ਜਿੱਤੀਆਂ ਹਨ। ਸਾਡੀਆਂ ਲੋਕਤੰਤਰੀ ਪ੍ਰਕਿਰਿਆਵਾਂ ਜਿੱਤੀਆਂ ਹਨ। ਪੱਛਮੀ ਬੰਗਾਲ ਵਿਚ ਕਰੀਬ 93 ਫੀਸਦੀ ਵੋਟਿੰਗ ਹੋਣਾ ਆਪਣੇ-ਆਪ ਵਿੱਚ ਇਤਿਹਾਸਕ ਰਿਹਾ ਹੈ। ਆਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲਮ ਵਿਚ ਵੀ ਵੋਟਿੰਗ ਦੇ ਨਵੇਂ ਰਿਕਾਰਡ ਬਣੇ ਹਨ। ਇਸ ਵਿਚ ਵੀ ਔਰਤਾਂ ਦੀ ਹਿੱਸੇਦਾਰੀ ਬਹੁਤ ਜ਼ਿਆਦਾ ਰਹੀ ਹੈ। ਇਹ ਭਾਰਤੀ ਲੋਕਤੰਤਰ ਦੀ ਸਭ ਤੋਂ ਸਫੈਦ ਤਸਵੀਰ ਬਣ ਰਹੀ ਹੈ।

ਕਮਿਊਨਿਸਟਾਂ ਨੂੰ ਜਨਤਾ ਨੇ ਸਰਕਾਰ ਤੋਂ ਕੀਤਾ ਬਾਹਰ 

ਪੀ. ਐੱਮ. ਮੋਦੀ ਨੇ ਕਿਹਾ ਕਿ ਅੱਜ ਇਕ ਵੀ ਸੂਬਾ ਅਜਿਹਾ ਨਹੀਂ ਹੈ, ਜਿੱਥੇ ਕਮਿਊਨਿਸਟ ਪਾਰਟੀ ਦੀ ਸਰਕਾਰ ਹੋਵੇ। ਜਨਤਾ ਨੇ ਉਨ੍ਹਾਂ ਨੂੰ ਸਰਕਾਰ ਤੋਂ ਬਾਹਰ ਕਰ ਦਿੱਤਾ ਹੈ। ਇਹ ਸਿਰਫ ਸਿਆਸਤ ਦਾ ਬਦਲਾਅ ਨਹੀਂ ਹੈ, ਇਹ ਸੋਚ ਦਾ ਬਦਲਾਅ ਹੈ। ਇਹ ਦੱਸਦਾ ਹੈ ਕਿ ਵਿਕਸਿਤ ਹੁੰਦਾ ਭਾਰਤ ਕਿਸ ਦਿਸ਼ਾ ਵਿਚ ਅੱਗੇ ਵਧਣਾ ਚਾਹੁੰਦਾ ਹੈ। ਅੱਜ ਦਾ ਭਾਰਤ ਵਿਕਾਸ, ਵਿਸ਼ਵਾਸ ਅਤੇ ਤਰੱਕੀ ਚਾਹੁੰਦਾ ਹੈ। ਅਜਿਹੀ ਰਾਜਨੀਤੀ ਚਾਹੁੰਦਾ ਹੈ ਜੋ ਦੇਸ਼ ਨੂੰ ਅੱਗੇ ਵਧਾਏ। ਪਰ ਬਦਕਿਸਮਤੀ ਨਾਲ ਕਾਂਗਰਸ ਉਲਟ ਦਿਸ਼ਾ ਵਿਚ ਚੱਲ ਪਈ ਹੈ। ਜਦੋਂ ਪੂਰਾ ਦੇਸ਼ ਕਮਿਊਨਿਜ਼ਮ ਤੋਂ ਕਿਨਾਰਾ ਕਰ ਚੁੱਕਾ ਹੈ, ਕਾਂਗਰਸ ਉਸ ਵਿਚਾਰਧਾਰਾ ਨੂੰ ਅਪਣਾਉਣ ਵਿਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : UAE 'ਤੇ ਈਰਾਨ ਨੇ ਮੁੜ ਦਾਗੇ ਡਰੋਨ ਤੇ ਕਰੂਜ਼ ਮਿਜ਼ਾਈਲਾਂ! 3 ਭਾਰਤੀ ਨਾਗਰਿਕ ਜ਼ਖਮੀ

ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਮਿਲਿਆ ਸਬਕ

ਮੋਦੀ ਨੇ ਕਿਹਾ ਕਿ ਨਾਰੀ ਸ਼ਕਤੀ ਦੀ ਰਫ਼ਤਾਰ ਨੂੰ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਕੁਝ ਦਿਨ ਪਹਿਲਾਂ ਰੋਕਣ ਦਾ ਕੰਮ ਕੀਤਾ। ਇਨ੍ਹਾਂ ਪਾਰਟੀਆਂ ਨੇ ਨਾਰੀ ਸ਼ਕਤੀ ਸੋਧ ਨੂੰ ਪਾਸ ਨਹੀਂ ਹੋਣ ਦਿੱਤਾ। ਮੈਂ ਕੁਝ ਦਿਨ ਪਹਿਲਾਂ ਕਿਹਾ ਸੀ, ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਨ ਵਾਲੀਆਂ ਅਜਿਹੀਆਂ ਪਾਰਟੀਆਂ ਨੂੰ ਔਰਤਾਂ ਦਾ ਗੁੱਸਾ ਝੱਲਣਾ ਪਵੇਗਾ। ਤ੍ਰਿਣਮੂਲ ਅਤੇ ਡੀ. ਐੱਮ. ਕੇ. ਨੂੰ ਭੈਣਾਂ-ਧੀਆਂ ਨੇ ਸਬਕ ਸਿਖਾ ਦਿੱਤਾ ਹੈ। ਕੇਰਲਮ ਵਿਚ ਲੈਫਟ (ਖੱਬੇ ਪੱਖੀਆਂ) ਦੇ 10 ਸਾਲਾਂ ਦੇ ਮਾੜੇ ਸ਼ਾਸਨ ਦਾ ਫਾਇਦਾ ਕਾਂਗਰਸ ਨੂੰ ਮਿਲਿਆ ਹੈ, ਪਰ ਅਗਲੀ ਵਾਰ ਕੇਰਲਮ ਦੀਆਂ ਭੈਣਾਂ ਕਾਂਗਰਸ ਨੂੰ ਵੀ ਸਬਕ ਸਿਖਾਉਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News