ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ''ਤੇ ਲਾਲਕ੍ਰਿਸ਼ਨ ਅਡਵਾਨੀ ਨੂੰ ਮਿਲੇ PM ਮੋਦੀ, ਲਿਆ ਆਸ਼ੀਰਵਾਦ
Wednesday, Oct 07, 2026 - 08:04 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੁੱਧਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੇ ਨਿਵਾਸ ਅਸਥਾਨ 'ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਦੀ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੀਐੱਮ ਮੋਦੀ ਲਾਲਕ੍ਰਿਸ਼ਨ ਅਡਵਾਨੀ ਦਾ ਹੱਥ ਫੜ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ 7 ਅਕਤੂਬਰ 2001 ਨੂੰ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਪਣੇ 25 ਸਾਲਾਂ ਦੇ ਇਸ ਸਫ਼ਰ ਨੂੰ ਯਾਦ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਸ ਮੁਕਾਮ 'ਤੇ ਪਹੁੰਚਣਗੇ। ਇਸ ਖਾਸ ਮੌਕੇ 'ਤੇ ਅਡਵਾਨੀ ਨੂੰ ਮਿਲਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਸਰੋਜਨੀ ਨਗਰ ਸਥਿਤ ਸ਼੍ਰੀ ਵਿਨਾਇਕ ਮੰਦਰ ਵਿਖੇ ਜਾ ਕੇ ਪੂਜਾ-ਅਰਚਨਾ ਵੀ ਕੀਤੀ।
Met Advani Ji at his residence and sought his blessings. His decades of public service and contribution to our national life have left a lasting imprint. He has played a pivotal role in strengthening India's progress. https://t.co/ib51lx4CkU
— Narendra Modi (@narendramodi) October 7, 2026
ਦਿੱਲੀ ਵਿੱਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਆਪਣੇ 25 ਸਾਲਾਂ ਦੇ ਸਫ਼ਰ ਨੂੰ ਨਿਰੰਤਰ ਸੇਵਾ ਦੱਸਿਆ ਅਤੇ ਭਾਜਪਾ, ਐੱਨਡੀਏ (NDA) ਦੇ ਸਹਿਯੋਗੀਆਂ ਅਤੇ ਰਾਜਨੀਤਿਕ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਖੁਦ ਦੀ ਤਾਰੀਫ਼ ਕਰਨ ਦਾ ਮੌਕਾ ਨਹੀਂ, ਸਗੋਂ ਸਾਰਿਆਂ ਦਾ ਧੰਨਵਾਦ ਕਰਨ ਦਾ ਪਲ ਹੈ। ਉਨ੍ਹਾਂ ਦਾ ਇਹ ਸਫ਼ਰ ਨਿੱਜੀ ਇੱਛਾ-ਅਭਿਲਾਸ਼ਾ ਦੀ ਬਜਾਏ ਸੇਵਾ ਭਾਵਨਾ ਅਤੇ ਇੱਕ ਮਿਸ਼ਨ ਤੋਂ ਪ੍ਰੇਰਿਤ ਰਿਹਾ ਹੈ।
ਆਪਣੇ ਰਾਜਨੀਤਿਕ ਕਰੀਅਰ ਬਾਰੇ ਗੱਲ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਸਫ਼ਰ ਵਿੱਚ ਸਮਰਥਕਾਂ ਅਤੇ ਆਲੋਚਕਾਂ ਦੋਵਾਂ ਦਾ ਅਹਿਮ ਯੋਗਦਾਨ ਰਿਹਾ ਹੈ। ਸਮਰਥਕਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ, ਜਦਕਿ ਆਲੋਚਕਾਂ ਨੇ ਆਤਮ-ਮੰਥਨ ਕਰਨਾ ਸਿਖਾਇਆ। ਉਨ੍ਹਾਂ ਕਿਹਾ ਕਿ 25 ਸਾਲ ਪੂਰੇ ਹੋਣ ਨੂੰ ਆਰਾਮ ਦੇ ਪੜਾਅ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵੱਲ ਸੇਵਾ ਦੇ ਇੱਕ ਹੋਰ ਪੜਾਅ ਦੀ ਸ਼ੁਰੂਆਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
