ਜੰਮੂ-ਕਸ਼ਮੀਰ ''ਚ PM ਮੋਦੀ ਬੋਲੇ- ਆਖ਼ਰੀ ਸਾਹ ਗਿਣ ਰਿਹੈ ਅੱਤਵਾਦ
Saturday, Sep 14, 2024 - 01:48 PM (IST)
ਡੋਡਾ- ਜੰਮੂ-ਕਸ਼ਮੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਨੂੰ ਸੰਬੋਧਿਤ ਕਰਨ ਡੋਡਾ ਪਹੁੰਚੇ। ਇੱਥੇ ਉਨ੍ਹਾਂ ਨੇ ਇਕ ਚੋਣਾਵੀ ਜਨ ਸਭਾ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਆ ਰਿਹਾ ਬਦਲਾਅ ਸਾਡੀ ਸਰਕਾਰ ਦੇ ਬੀਤੇ 10 ਸਾਲਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਖੂਬਸੂਰਤ ਜੰਮੂ-ਕਸ਼ਮੀਰ ਨੂੰ ਪਰਿਵਾਰਵਾਦ ਨੇ ਖੋਖਲਾ ਕਰ ਦਿੱਤਾ, ਸਿਆਸੀ ਪਾਰਟੀਆਂ ਨੂੰ ਸਿਰਫ਼ ਬੱਚਿਆਂ ਦੀ ਚਿੰਤਾ ਰਹੀ ਹੈ। ਇਸ ਵਾਰ ਚੋਣਾਂ ਤਿੰਨ ਖਾਨਦਾਨਾਂ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਵਿਚਾਲੇ ਹੈ।
ਅੱਤਵਾਦ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ-
ਅੱਤਵਾਦ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਤੁਸੀਂ ਯਾਦ ਕਰੋ ਉਹ ਸਮਾਂ ਜਦੋਂ ਦਿਨ ਢਲਦੇ ਹੀ ਇੱਥੇ ਅਣਐਲਾਨਿਆ ਕਰਫਿਊ ਲੱਗ ਜਾਂਦਾ ਸੀ। ਹਾਲਤ ਇਹ ਸੀ ਕਿ ਉਦੋਂ ਕਾਂਗਰਸ ਦੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਤੱਕ ਲਾਲ ਚੌਕ ਜਾਣ ਤੋਂ ਡਰਦੇ ਸਨ। ਜੰਮੂ-ਕਸ਼ਮੀਰ ਵਿਚ ਅੱਤਵਾਦ ਹੁਣ ਆਪਣੇ ਆਖ਼ਰੀ ਸਾਹ ਗਿਣ ਰਿਹਾ ਹੈ। ਪਿਛਲੇ 10 ਸਾਲ ਵਿਚ ਇੱਥੇ ਜੋ ਬਦਲਾਅ ਆਇਆ ਹੈ, ਉਹ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਹੈ, ਜੋ ਪੱਥਰ ਪਹਿਲਾਂ ਪੁਲਸ ਅਤੇ ਫ਼ੌਜ 'ਤੇ ਸੁੱਟੇ ਜਾਂਦੇ ਸਨ, ਉਨ੍ਹਾਂ ਪੱਥਰਾਂ ਤੋਂ ਨਵਾਂ ਜੰਮੂ-ਕਸ਼ਮੀਰ ਬਣ ਰਿਹਾ ਹੈ। ਇਹ ਸਭ ਕੁਝ ਤੁਸੀਂ ਕੀਤਾ ਹੈ। ਤੁਹਾਡੇ ਇਸੇ ਵਿਸ਼ਵਾਸ ਨੂੰ ਅੱਗੇ ਵਧਾਉਂਦੇ ਹੋਏ ਜੰਮੂ-ਕਸ਼ਮੀਰ ਭਾਜਪਾ ਨੇ ਤੁਹਾਡੇ ਲਈ ਇਕ ਤੋਂ ਵੱਧ ਕੇ ਇਕ ਸੰਕਲਪ ਲਏ ਹਨ।
ਕਸ਼ਮੀਰੀ ਹਿੰਦੂਆਂ ਨੂੰ ਦਿਵਾਵਾਂਗੇ ਉਨ੍ਹਾਂ ਦਾ ਹੱਕ
ਕਸ਼ਮੀਰੀ ਹਿੰਦੂਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹੀ ਅਸੀਂ ਟੀਕਾ ਲਾਲ ਟਪਲੂ ਨੂੰ ਯਾਦ ਕੀਤਾ ਹੈ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਤਿੰਨ ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਇਸੇ ਦਿਨ ਉਨ੍ਹਾਂ ਨੂੰ ਅੱਤਵਾਦੀਆਂ ਨੇ ਸ਼ਹੀਦ ਕੀਤਾ ਸੀ। ਉਨ੍ਹਾਂ ਦੇ ਕਤਲ ਮਗਰੋਂ ਕਸ਼ਮੀਰੀ ਪੰਡਿਤਾਂ ਨਾਲ ਅੱਤਿਆਚਾਰ ਦਾ ਸਿਲਸਿਲਾ ਵੱਧਦਾ ਗਿਆ। ਇਹ ਭਾਜਪਾ ਹੈ, ਜਿਸ ਨੇ ਕਸ਼ਮੀਰੀ ਪੰਡਿਤਾਂ ਦੀ ਆਵਾਜ਼ ਚੁੱਕੀ ਅਤੇ ਉਨ੍ਹਾਂ ਦੇ ਹਿੱਤ ਵਿਚ ਕੰਮ ਕੀਤਾ। ਜੰਮੂ-ਕਸ਼ਮੀਰ ਭਾਜਪਾ ਨੇ ਕਸ਼ਮੀਰੀ ਹਿੰਦੂਆਂ ਦੀ ਵਾਪਸੀ ਅਤੇ ਮੁੜਵਸੇਬੇ ਲਈ ਟੀਕਾ ਲਾਲ ਟਪਲੂ ਯੋਜਨਾ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਕਸ਼ਮੀਰੀ ਹਿੰਦੂਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਵਿਚ ਤੇਜ਼ੀ ਆਵੇਗੀ।
ਭਾਜਪਾ ਬਣਾਉਣ ਜਾ ਰਹੀ ਹੈ ਨਵਾਂ ਜੰਮੂ-ਕਸ਼ਮੀਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਇਕ ਨਵਾਂ ਜੰਮੂ-ਕਸ਼ਮੀਰ ਬਣਾਉਣ ਜਾ ਰਹੀ ਹੈ, ਜੋ ਅੱਤਵਾਦੀ ਮੁਕਤ ਹੋਵੇਗਾ ਅਤੇ ਸੈਲਾਨੀਆਂ ਲਈ ਸਵਰਗ ਹੋਵੇਗਾ। ਜੰਮੂ-ਕਸ਼ਮੀਰ ਵਿਚ ਰਹਿਣ ਵਾਲਾ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਜਾਂ ਵਰਗ ਦਾ ਹੋਵੇ, ਭਾਜਪਾ ਦੀ ਤਰਜੀਹ ਤੁਹਾਡੇ ਹਰ ਹੱਕ ਦੀ ਰੱਖਿਆ ਕਰਨੀ ਹੈ। ਇਹ ਮੋਦੀ ਦੀ ਗਰੰਟੀ ਹੈ। ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਕੰਮ ਵੀ ਭਾਜਪਾ ਸਰਕਾਰ ਹੀ ਕਰੇਗੀ ਪਰ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਣਾ ਹੈ, ਜੋ ਆਪਣੇ ਸੁਆਰਥ ਲਈ ਤੁਹਾਡਾ ਹੱਕ ਖੋਹ ਰਹੇ ਹਨ।